ਦੋ ਭਾਰਤੀਆਂ ਨੇ ਨੇਤਰਹੀਣਾਂ ਦੀ ਸਹਾਇਤਾ ਲਈ ਬਣਾਈ ਐਪ

TeamGlobalPunjab
2 Min Read

ਸੰਯੁਕਤ ਅਰਬ ਅਮੀਰਾਤ (UAE) ‘ਚ ਦੋ ਭਾਰਤੀਆਂ ਨੇ ਨੇਤਰਹੀਣਾਂ ਲਈ ਇੱਕ ਅਜਿਹੀ ਉਪਯੋਗੀ ਮੋਬਾਇਲ ਐਪ ਬਣਾਈ ਹੈ ਜਿਸ ਦੀ ਸਹਾਇਤਾ ਨਾਲ ਨੇਤਰਹੀਣ ਆਸਾਨੀ ਨਾਲ ਤੁਰ-ਫਿਰ ਸਕਣਗੇ। ਸਮਾਜਿਕ ਯੋਗਦਾਨ ਤੇ ਇੱਕ ਅਹਿਮ ਐਪ ਬਣਾਉਣ ‘ਤੇ ਦੋਵਾਂ ਭਾਰਤੀਆਂ ਨੇ ਇਨਾਮ ਵੀ ਜਿੱਤਿਆ ਹੈ। ਇਹ ਐਪ ਇੱਕ ਡਿਸਟੈਂਸ ਸੈਂਸਰ ਦੇ ਤੌਰ ‘ਤੇ ਕੰਮ ਕਰਦੀ ਹੈ, ਜੋ ਨੇਤਰਹੀਣਾਂ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਖਲੀਜ ਟਾਈਮਸ ਦੀ ਰਿਪੋਰਟ ਅਨੁਸਾਰ ਇਸ ਮੋਬਾਇਲ ਐਪ ਨੂੰ ਨੰਦੂਜੀਤ ਪ੍ਰਤਾਪ ਅਤੇ ਵਿਸ਼ਾਖ ਜੀ.ਐਸ. ਨੇ ਬਣਾਇਆ ਹੈ । ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਨਾਮ ਦੇ ਰੂਪ ‘ਚ 54,449 ਡਾਲਰ ( ਕਰੀਬ 39 ਲੱਖ ਰੁਪਏ ) ਵੀ ਦਿੱਤੇ ਜਾਣਗੇ।

ਇਸ ਐਪ ਦਾ ਨਾਮ ‘Ioptyc’ ਰੱਖਿਆ ਗਿਆ ਹੈ ਜੋ ਕਿ ਕਮਜ਼ੋਰ ਨਿਗ੍ਹਾ ਵਾਲੇ ਲੋਕਾਂ ਦੀ ਡਿਸਟੈਂਸ ਸੈਂਸਰਾਂ ਤੇ ਦਰਸ਼ਨੀ ਪਛਾਣ ਪ੍ਰਣਾਲੀ ਦੀ ਵਰਤੋਂ ਨਾਲ ਮਦਦ ਕਰੇਗੀ। ਨੰਦੂਜੀਤ ਪ੍ਰਤਾਪ ਅਤੇ ਵਿਸ਼ਾਖ ਜੀ.ਐਸ. ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਦੋ ਹਿੱਸਿਆਂ ‘ਚ ਵੰਡਿਆ ਗਿਆ ਹੈ ਇੱਕ ਐਪ ਤੇ ਇਕ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਦਸਤਾਨੇ।

ਇਹ ਐਪ ਨੇਤਰਹੀਣਾਂ ਨੂੰ ਸਾਹਮਣੇ ਵਾਲੀ ਵਸਤੂਆਂ ਦੇ ਦ੍ਰਿਸ਼ ਦੀ ਪਛਾਣ ਲਈ ਗੂਗਲ ਟੈਨਸਰਫਲੋਅ ਲਾਈਟ (Google Tensorflow Lite) ਦੀ ਵਰਤੋ ਕਰੇਗੀ ਤੇ ਵਿਅਕਤੀ ਦੇ ਸਾਹਮਣੇ ਵਾਲੀ ਵਸਤੂ ਦਾ ਪਤਾ ਲਗਦੇ ਹੀ ਐਪ ਗੂਗਲ ਭਾਸ਼ਾਵਾਂ ਦੀ ਸਹਾਇਤਾ ਨਾਲ ਸਾਹਮਣੇ ਪਈ ਚੀਜ ਦਾ ਨਾਮ ਬੋਲ ਕੇ ਆਗਾਹ ਕਰੇਗੀ।

ਉੱਥੇ ਹੀ ਦੂਜੇ ਪਾਸੇ ਦਸਤਾਨਿਆਂ ਦਾ ਮੁੱਖ ਕੰਮ ਬਜ਼ਰ ਨਾਲ ਵਾਈਬਰੇਸ਼ਨ ਦੁਆਰਾ ਵਿਅਕਤੀ ਨੂੰ ਸੂਚਿਤ ਕਰਨਾ ਹੈ ਤੇ ਇਸਦਾ ਸੈਂਸਰ ਲੱਗਭਗ 2 ਮੀਟਰ ਦੀ ਦੂਰੀ ਤੱਕ ਵਸਤੂਆਂ ਦਾ ਪਤਾ ਲਗਾਉਣ ‘ਚ ਸਮਰੱਥ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਵਾਈਬਰੇਸ਼ਨ ਦੀ ਤੀਬਰਤਾ ਵਸਤੂ ਦੀ ਦੂਰੀ ‘ਤੇ ਨਿਰਭਰ ਕਰਦੀ ਹੈ। ਉਹਨਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਇਕ ਸੰਕਲਪ ਵਜੋਂ ਸ਼ੁਰੂ ਕੀਤਾ ਗਿਆ ਸੀ ਤੇ ਇਹ ਹੁਣ ਐਪ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ।

Share this Article
Leave a comment