ਕੈਨੇਡਾ ਨੂੰ ਹਜ਼ਾਰਾਂ ਕਿਸਾਨਾਂ ਦੀ ਸਖਤ ਜ਼ਰੂਰਤ, ਹੁਣ ਪਰਵਾਸੀਆਂ ਨੂੰ ਸੱਦੇਗੀ ਸਰਕਾਰ

Prabhjot Kaur
3 Min Read

ਟੋਰਾਂਟੋ: ਕੈਨੇਡਾ ਨੂੰ 30 ਹਜ਼ਾਰ ਕਿਸਾਨਾਂ ਦੀ ਸਖ਼ਤ ਜ਼ੂਰਰਤ ਹੈ ਅਤੇ ਪਰਵਾਸੀਆਂ ਨੂੰ ਵਿਦੇਸ਼ਾਂ ਤੋਂ ਕਿਸਾਨਾਂ ਨੂੰ ਸੱਦ ਕੇ ਹੀ ਖੇਤਾਂ ਨੂੰ ਵਾਹੀਯੋਗ ਰੱਖਿਆ ਜਾ ਸਕਦਾ ਹੈ। ਰਾਇਲ ਬੈਂਕ ਆਫ਼ ਕੈਨੇਡਾ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਆਉਣ ਵਾਲੇ 10 ਸਾਲ ਦੌਰਾਨ 40 ਫ਼ੀਸਦੀ ਕਿਸਾਨ ਸੇਵਾ ਮੁਕਤ ਹੋ ਜਾਣਗੇ ਅਤੇ ਇਨ੍ਹਾਂ ‘ਚੋਂ ਜ਼ਿਆਦਾਤਰ ਦੇ ਬੱਚੇ ਖੇਤੀ ਨੂੰ ਅਪਨਾਉਣਾ ਨਹੀਂ ਚਾਹੁੰਦੇ, ਜਿਸ ਦੇ ਮੱਦੇਨਜ਼ਰ ਖੇਤੀ ਦੀ ਜਾਣਕਾਰੀ ਰੱਖਣ ਵਾਲੇ ਕਾਮਿਆਂ ਦੀ ਜ਼ਰੂਰਤ ਹੋਵੇਗੀ।

ਓਨਟਾਰੀਓ ਫੈਡਰੇਸ਼ਨ ਆਫ਼ ਐਗਰੀਕਲਚਰ ਦੇ ਮੀਤ ਪ੍ਰਧਾਨ ਕ੍ਰਿਸਪਿਨ ਕੌਲਵਿਨ ਨੇ ਕਿਹਾ ਕਿ ਖੇਤੀ ਵੀ ਇੱਕ ਕਾਰਖਾਨੇ ਵਾਂਗ ਹੈ, ਜੇ ਤੁਹਾਡੇ ਕੋਲ ਕਾਮੇ ਨਹੀਂ ਹੋਣਗੇ ਤਾਂ ਤੁਸੀਂ ਵਾਹੀ ਨਹੀਂ ਕਰ ਸਕਦੇ। ਮਸ਼ੀਨਰੀ ਅਤੇ ਟੈਕਨਾਲੌਜੀ ਨੇ ਜ਼ਿਆਦਾਤਰ ਕੰਮ ਸੌਖੇ ਕਰ ਦਿੱਤੇ ਹਨ ਪਰ ਅਖੀਰ ਵਿੱਚ ਕਿਰਤੀਆਂ ਦੀ ਜ਼ਰੂਰਤ ਤਾਂ ਪੈਣੀ ਹੀ ਪੈਣੀ ਹੈ। ਓਨਟਾਰੀਓ ਦੀ ਅੱਧੀ ਤੋਂ ਵੱਧ ਖੇਤੀ ਦੱਖਣ ਪੱਛਮੀ ਇਲਾਕੇ ਵਿਚ ਹੁੰਦੀ ਹੈ ਅਤੇ ਇੱਥੇ ਫਲ-ਸਬਜ਼ੀਆਂ ਦੀ ਕਾਸ਼ਤ ਤੋਂ ਇਲਾਵਾ ਡੇਅਰੀ ਫ਼ਾਰਮਿੰਗ ਅਤੇ ਪੋਲਟਰੀ ਫਾਰਮਿੰਗ ਵੀ ਵੱਡੇ ਪੱਧਰ ‘ਤੇ ਹੁੰਦੀ ਹੈ।

ਮਿਡਲਸੈਕਸ ਕਾਉਂਟੀ ਦੇ ਅਨਾਜ ਉਤਪਾਦਕ ਸਟੀਵ ਟਵਿਨਸਟਰਾ ਨੇ ਕਿਹਾ ਕਿ ਮੌਜੂਦਾ ਹਾਲਾਤ ਇਕਦਮ ਪੈਦਾ ਨਹੀਂ ਹੋਏ। ਪਿਛਲੇ 20 ਸਾਲ ਤੋਂ ਸੰਕੇਤ ਮਿਲ ਰਹੇ ਸਨ ਕਿ ਆਉਣ ਵਾਲੇ ਸਮੇਂ ਦੌਰਾਨ ਕਿਸਾਨਾਂ ਦੀ ਜ਼ਰੂਰਤ ਪਵੇਗੀ ਕਿਉਂਕਿ ਨਵੀਂ ਪੀੜ੍ਹੀ ਇਸ ਪਾਸੇ ਆਉਣ ਨੂੰ ਤਿਆਰ ਨਹੀਂ। ਜ਼ਮੀਨ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਇਕ ਕਿੱਲੇ ਦੀ ਕੀਮਤ 40 ਹਜ਼ਾਰ ਡਾਲਰ ਤੱਕ ਪਹੁੰਚ ਚੁੱਕੀ ਹੈ ਅਤੇ 100 ਕਿੱਲੇ ਦੀ ਖੇਤੀ ਵਾਸਤੇ 40 ਲੱਖ ਡਾਲਰ ਜੇਬ ਵਿਚ ਹੁਣ ਚਾਹੀਦੇ ਹਨ। ਇਨ੍ਹਾਂ ਹਾਲਾਤ ‘ਚ ਸਥਾਨਕ ਲੋਕਾਂ ਵਿੱਚ ਕਈ ਨਵਾਂ ਇਸ ਖੇਤਰ ਵਿਚ ਆਉਣ ਤੋਂ ਝਿਜਕਦਾ ਹੈ ਅਤੇ ਪਰਵਾਸੀ ਹੀ ਬੇੜੀ ਪਾਰ ਲਾ ਸਕਦੇ ਹਨ।

ਰਿਪੋਰਟ ਵਿੱਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ‘ਚ ਸੋਧ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਤਾਂਕਿ ਉਹ ਪੀ.ਆਰ. ਲਈ ਅਰਜ਼ੀ ਦਾਖਲ ਕਰ ਸਕਣ। ਇੱਥੇ ਦਸਣਯੋਗ ਹੈ ਕਿ ਸਭ ਤੋਂ ਜ਼ਿਆਦਾ ਸੰਕਟ ਦੱਖਣ ਪੱਛਮੀ ਓਨਟਾਰੀਓ ਵਿੱਚ ਹੀ ਮੰਡਰਾ ਰਿਹਾ ਹੈ ਜਿਸ ਨੂੰ ਕੈਨੇਡਾ ਦਾ ਸਭ ਤੋਂ ਅਮੀਰ ਕਿਸਾਨੀ ਖਿਤਾ ਹੋਣ ਦਾ ਮਾਣ ਹਾਸਲ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment