ਯਮਨ ਦੇ ਬਾਜ਼ਾਰ ’ਤੇ ਹਵਾਈ ਹਮਲਾ, 2 ਮਹੀਨਿਆਂ ’ਚ 700 ਤੋਂ ਵੱਧ ਮੌਤਾਂ

Global Team
3 Min Read

ਨਿਊਜ਼ ਡੈਸਕ: ਯਮਨ ਦੇ ਤਾਇਜ਼ ਸੂਬੇ ਵਿੱਚ ਐਤਵਾਰ ਨੂੰ ਹੋਏ ਹਵਾਈ ਹਮਲੇ ਨੇ ਇੱਕ ਬਾਜ਼ਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹੂਤੀ ਸਿਹਤ ਮੰਤਰਾਲੇ ਮੁਤਾਬਕ ਇਸ ਹਮਲੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਦਕਿ 40 ਲੋਕ ਜ਼ਖ਼ਮੀ ਹੋਏ ਹਨ। ਹਮਲੇ ਤੋਂ ਬਾਅਦ ਬਾਜ਼ਾਰ ਦੀਆਂ ਕਈ ਦੁਕਾਨਾਂ ਅਤੇ ਇਮਾਰਤਾਂ ਨੁਕਸਾਨੀਆਂ ਗਈਆਂ।

ਰਾਇਟਰਜ਼ ਮੁਤਾਬਕ ਯਮਨ ਸਰਕਾਰ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਹੂਤੀ ਸੈਨਿਕ ਕੈਂਪ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਹਮਲੇ ਕੀਤੇ। ਯਮਨ ਸਰਕਾਰ ਦੇ ਸੂਤਰਾਂ ਮੁਤਾਬਕ ਹੂਤੀ ਵਿਦਰੋਹੀਆਂ ਨੇ ਹਾਲ ਹੀ ਵਿੱਚ ਬਾਜ਼ਾਰ ਦੇ ਨੇੜੇ ਇੱਕ ਫੌਜੀ ਕੈਂਪ ਸਥਾਪਤ ਕੀਤਾ ਸੀ।

ਹੂਤੀ ਸਿਹਤ ਮੰਤਰਾਲੇ ਵੱਲੋਂ ਹਮਲੇ ਵਿੱਚ ਨਾਗਰਿਕਾਂ ਦੀ ਮੌਤ ਅਤੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਹਮਲੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਬਾਜ਼ਾਰ ਦੇ ਇਲਾਕੇ ਵਿੱਚੋਂ ਉੱਠਦਾ ਧੂੰਆਂ ਅਤੇ ਨੁਕਸਾਨੀਆਂ ਹੋਈਆਂ ਦੁਕਾਨਾਂ ਦਿਖਾਈ ਦੇ ਰਹੀਆਂ ਹਨ।

ਸੰਯੁਕਤ ਰਾਸ਼ਟਰ ਮੁਤਾਬਕ ਯਮਨ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ ਮੁੜ ਤੇਜ਼ ਹੋਏ ਸੰਘਰਸ਼ ਵਿੱਚ ਨਾਗਰਿਕਾਂ ਸਮੇਤ 700 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਤੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ 82 ਹਜ਼ਾਰ ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਚੁੱਕੇ ਹਨ।

2014 ਤੋਂ ਜਾਰੀ ਹੈ ਯਮਨ ਦਾ ਸੰਘਰਸ਼

ਯਮਨ ਵਿੱਚ 2014 ਤੋਂ ਗ੍ਰਹਿ ਯੁੱਧ ਚੱਲ ਰਿਹਾ ਹੈ। ਇੱਕ ਪਾਸੇ ਹੂਤੀ ਲੜਾਕੇ ਹਨ, ਜਦਕਿ ਦੂਜੇ ਪਾਸੇ ਯਮਨ ਸਰਕਾਰ ਦੇ ਸਮਰਥਨ ਵਿੱਚ ਲੜਨ ਵਾਲੀਆਂ ਫੌਜਾਂ ਹਨ। ਸਾਊਦੀ ਅਰਬ ਵੀ ਯਮਨ ਸਰਕਾਰ ਦਾ ਸਮਰਥਨ ਕਰਦਾ ਹੈ।

ਸਾਲ 2022 ਵਿੱਚ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨਾਲ ਦੋਵਾਂ ਧਿਰਾਂ ਵਿਚਾਲੇ ਜੰਗਬੰਦੀ ਹੋਈ ਸੀ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਜੰਗਬੰਦੀ ਟੁੱਟਣ ਤੋਂ ਬਾਅਦ ਯਮਨ ਵਿੱਚ ਮੁੜ ਮਿਜ਼ਾਈਲ, ਡਰੋਨ ਅਤੇ ਹਵਾਈ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ।

ਯਮਨ ਦੇ ਨੇੜੇ ਬਾਬ ਅਲ-ਮੰਦਬ ਜਲਡਮਰੂ ਹੈ, ਜੋ ਲਾਲ ਸਾਗਰ ਰਾਹੀਂ ਕੌਮਾਂਤਰੀ ਸਮੁੰਦਰੀ ਆਵਾਜਾਈ ਲਈ ਮਹੱਤਵਪੂਰਨ ਰਸਤਾ ਹੈ। ਇਸ ਖੇਤਰ ਵਿੱਚ ਸੰਘਰਸ਼ ਵਧਣ ਨਾਲ ਹੋਰ ਦੇਸ਼ਾਂ ਦੇ ਵਪਾਰ ਅਤੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ’ਤੇ ਵੀ ਅਸਰ ਪੈ ਸਕਦਾ ਹੈ।

ਯਮਨ ਦੀ ਫੌਜ ਦਾ ਸਾਊਦੀ ਅਰਬ ’ਤੇ ਡਰੋਨ ਹਮਲੇ ਦਾ ਦਾਅਵਾ

ਯਮਨ ਸਰਕਾਰ ਦੀ ਫੌਜ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵੱਲ ਦੋ ਡਰੋਨ ਦਾਗੇ ਸਨ। ਫੌਜ ਮੁਤਾਬਕ ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਨੇ ਦੋਵਾਂ ਡਰੋਨਾਂ ਨੂੰ ਰੋਕ ਦਿੱਤਾ।

ਇਸ ਤੋਂ ਇਲਾਵਾ ਹੂਤੀਆਂ ਵੱਲੋਂ ਸਾਊਦੀ ਅਰਬ ਦੇ ਦੱਖਣੀ ਸਰਹੱਦੀ ਇਲਾਕੇ ਖਮਿਸ ਮੁਸ਼ੈਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਬੈਲਿਸਟਿਕ ਮਿਜ਼ਾਈਲ ਦਾਗਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਸਾਊਦੀ ਅਰਬ ਦੇ ਨਾਗਰਿਕ ਸੁਰੱਖਿਆ ਅਧਿਕਾਰੀਆਂ ਮੁਤਾਬਕ ਰਾਤ ਦੇ ਸਮੇਂ ਅਭਾ ਅਤੇ ਜਿਜ਼ਾਨ ਇਲਾਕਿਆਂ ਵਿੱਚ ਵੀ ਸੰਭਾਵਿਤ ਖ਼ਤਰੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ।

Share This Article
Leave a Comment