ਨਿਊਜ਼ ਡੈਸਕ: ਕੈਨੇਡਾ ਸਰਕਾਰ ਦੇ ਡਾਕ ਵਿਭਾਗ ਕੈਨੇਡਾ ਪੋਸਟ ਨੇ ਇੱਕ ਸਮਾਰਕ ਟਿਕਟ (commemorative stamp) ਜਾਰੀ ਕੀਤੀ ਹੈ ਜਿਸ ਵਿੱਚ ਸਿੱਖ ਕਨੇਡੀਅਨ ਫੌਜੀਆਂ ਦੀ ਸੇਵਾ, ਬਲੀਦਾਨ ਨੂੰ ਦਰਸਾਇਆ ਗਿਆ ਹੈ। ਓਨਟਾਰੀਓ ‘ਚ 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਦੌਰਾਨ ਪਹਿਲੀ ਵਾਰ ਸਿੱਖ-ਕੈਨੇਡੀਅਨ ਫ਼ੌਜੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਇਕ ਨਵੀਂ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ।
ਇਹ ਟਿਕਟ ਪਹਿਲੀ ਵਿਸ਼ਵ ਜੰਗ ਦੇ ਯੋਧੇ ਕੈਨੇਡੀਅਨ ਸਿੱਖ ਫ਼ੌਜੀ ਬੁੱਕਮ ਸਿੰਘ ਦੀ ਯਾਦ ਵਿੱਚ ਜਾਰੀ ਕੀਤੀ ਗਈ ਹੈ। ਉਹ ਪਹਿਲੇ ਸਿੱਖ ਫੌਜੀ ਸਨ ਜਿਹਨਾਂ ਨੇ ਕੈਨੇਡਾ ਦੇ ਯੁੱਧ ਦੌਰਾਨ ਸੇਵਾ ਕੀਤੀ। ਇਸ ਟਿਕਟ ਦਾ ਨਾਮ ਪ੍ਰਾਈਵੇਟ ਸਿੰਘ ਰੱਖਿਆ ਹੈ। ਇਸ ਟਿਕਟ ਨੂੰ ਯਾਦਗਾਰ ਦਿਵਸ ਦੇ ਮੌਕੇ ‘ਤੇ ਜਾਰੀ ਕੀਤਾ ਗਿਆ ਸੀ, ਜਿਸ ਨੂੰ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਟਿਕਟ ਨੂੰ ਕਿਫ਼ਨਰ ਦੇ ਮਾਊਂਟ ਹੋਪ ਕਬਰਸਤਾਨ (Mount Hope Cemetery) ਵਿੱਚ ਇਕ ਸਮਾਰੋਹ ਦੌਰਾਨ ਜਾਰੀ ਕੀਤਾ ਗਿਆ, ਜਿੱਥੇ ਬੁੱਕਮ ਸਿੰਘ ਦੀ ਸਮਾਰਕ ਹੈ। ਇਹ ਟਿਕਟ ਸਿੱਖ ਭਾਈਚਾਰੇ ਦੀ ਕੈਨੇਡੇਆਈ ਫੌਜ ਵਿੱਚ ਸੇਵਾ ਦਾ ਸਨਮਾਨ ਹੈ। ਜਿਹੜੇ ਸਿੱਖ ਫੌਜੀਆਂ ਨੇ ਜਾਨਾਂ ਦੇ ਕੇ ਸੇਵਾ ਕੀਤੀ ਅਤੇ ਸਰਹੱਦਾਂ ਉੱਤੇ ਆਪਣੇ ਆਪ ਨੂੰ ਸਮਰਪਿਤ ਕੀਤਾ।
ਪਹਿਲੀ ਵਿਸ਼ਵ ਜੰਗ ਵਿੱਚ ਨਸਲੀ ਵਿਤਕਰੇ ਕਾਰਨ ਸਿੱਖਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਸੀ। ਫਿਰ ਵੀ 10 ਸਿੱਖਾਂ ਨੇ ਰੁਕਾਵਟਾਂ ਤੋੜ ਕੇ ਕੈਨੇਡੀਅਨ ਐਕਸਪੀਡੀਸ਼ਨਰੀ ਫੋਰਸ ਵਿੱਚ ਸ਼ਾਮਲ ਹੋ ਕੇ ਯੂਰਪ ਵਿੱਚ ਲੜਾਈ ਲੜੀ। ਇਨ੍ਹਾਂ ਵਿੱਚੋਂ 8 ਸਿੱਖ ਆਪਣੀ ਮਰਜ਼ੀ ਨਾਲ ਭਰਤੀ ਹੋਏ ਸਨ। ਇਹਨਾਂ ‘ਚ ਬੁੱਕਮ ਸਿੰਘ ਸਭ ਤੋਂ ਛੋਟੀ ਉਮਰ ਵਾਲਾ ਸਿੱਖ ਫ਼ੌਜੀ ਸੀ।
22 ਸਾਲ ਦੀ ਉਮਰ ਵਿੱਚ ਬੁੱਕਮ ਸਿੰਘ ਨੇ ਫੌਜ ਵਿੱਚ ਭਰਤੀ ਲਈ ਦਰਖ਼ਾਸਤ ਦਿੱਤੀ। ਉਹ ਜੰਗ ਦੌਰਾਨ ਜ਼ਖ਼ਮੀ ਹੋਏ ਸਨ ਅਤੇ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਦੁਬਾਰਾ ਜੰਗ ਦੇ ਮੈਦਾਨ ਵਿੱਚ ਵਾਪਸ ਗਏ, ਪਰ ਉਨ੍ਹਾਂ ਨੂੰ ਫਿਰ ਦੁਬਾਰਾ ਸੱਟ ਲੱਗ ਗਈ ਸੀ। ਬਾਅਦ ਵਿੱਚ ਉਨ੍ਹਾਂ ਨੂੰ ਟੀ.ਬੀ ਦੀ ਬੀਮਾਰੀ ਹੋ ਗਈ ਅਤੇ 1919 ਵਿੱਚ ਇਸ ਬੀਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਬੁੱਕਮ ਸਿੰਘ ਦਾ ਸਮਾਰਕ ਸਥਾਨ ਕਿਚਨਰ ਸ਼ਹਿਰ ਦੇ ਮਾਊਂਟ ਹੋਪ ਕਬਰਸਤਾਨ ਵਿੱਚ ਹੈ, ਜੋ ਕੈਨੇਡਾ ਵਿੱਚ ਵਿਸ਼ਵ ਯੁੱਧਾਂ ਦੌਰਾਨ ਕਿਸੇ ਸਿੱਖ ਸਿਪਾਹੀ ਦੀ ਇਕੱਲੌਤੀ ਫੌਜੀ ਕਬਰ ਹੈ।
ਇਸ ਸਥਾਨ ‘ਤੇ ਹੋਣ ਵਾਲਾ ਰੀਮੇਮਬਰੈਂਸ ਡੇ ਸਮਾਗਮ ਉੱਤਰੀ ਅਮਰੀਕਾ ਵਿੱਚ ਸਿੱਖ ਸਿਪਾਹੀਆਂ ਅਤੇ ਜੰਗੀ ਸੈਨਿਕਾਂ ਦੀ ਸਭ ਤੋਂ ਵੱਡੀ ਸਾਲਾਨਾ ਇਕੱਠ ਵਿੱਚੋਂ ਇੱਕ ਹੈ।

