ਕੈਨੇਡਾ ਨੇ ਚੰਡੀਗੜ੍ਹ ‘ਚ ਵੀਜ਼ਾ ਸੇਵਾਵਾਂ ਕੀਤੀਆਂ ਬੰਦ, ਪੰਜਾਬੀਆਂ ਨੂੰ ਭੁਗਤਣਾ ਪੈ ਸਕਦੈ ਇਸ ਦਾ ਖਮਿਆਜ਼ਾ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਵੱਲੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਬਾਅਦ ਪੰਜਾਬ ਦੇ ਹਜ਼ਾਰਾਂ ਵੀਜ਼ੇ ‘ਤੇ ਖ਼ਤਰੇ ਦੀ ਤਲਵਾਰ ਲਟਕ ਰਹੀ ਹੈ। ਕੈਨੇਡਾ ਨੇ ਚੰਡੀਗੜ੍ਹ ਵਿਖੇ ਵਿਅਕਤੀਗਤ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਨਾਲ-ਨਾਲ ਬੈਂਗਲੁਰੂ ਅਤੇ ਮੁੰਬਈ ਵਿੱਚ ਵੀ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦਸ ਦਈਏ ਕਿ ਹਰ ਸਾਲ ਪੰਜਾਬ ਤੋਂ ਤਕਰੀਬਨ ਢਾਈ ਲੱਖ ਲੋਕ ਸਟੱਡੀ ਅਤੇ ਟੂਰਿਸਟ ਵੀਜ਼ੇ ਰਾਹੀਂ ਕੈਨੇਡਾ ਜਾਂਦੇ ਹਨ। ਹੁਣ ਚੰਡੀਗੜ੍ਹ ਦਫਤਰ ‘ਚ ਮੈਨੂਅਲ ਵੀਜ਼ੇ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ‘ਤੇ ਹੋਣਾ ਤੈਅ ਹੈ।

ਭਾਰਤ ਵਿਚ ਆਪਣੇ ਕਾਮਿਆਂ ਦੀ ਗਿਣਤੀ ਘੱਟ ਕਰਨ ਦੇ ਕੈਨੇਡਾ ਦੇ ਕਦਮ ਦੇ ਬਾਅਦ ਹਜ਼ਾਰਾਂ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਜੋ ਆਪਣੇ ਬੱਚਿਆਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹਨ।ਦਸਣਯੋਗ ਹੈ ਕਿ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਨਾਮ ਲੈਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਡਿਪਲੋਮੈਟਾਂ ਦੀ ਵਾਪਸੀ ਤੋਂ ਬਾਅਦ, ਕੈਨੇਡਾ ਨੇ ਇਸ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਭਾਰਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ।

ਐਸੋਸੀਏਸ਼ਨ ਆਫ ਸਟੱਡੀ ਅਬਰਾਜ ਦੇ ਸਾਬਕਾ ਪ੍ਰਧਾਨ ਸੁਕਾਂਤ ਤ੍ਰਿਵੇਦੀ ਨੇ ਕਿਹਾ ਕਿ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੇ ‘ਚ ਉਥੋਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਪੜ੍ਹਾਈ ਲਈ ਸਭ ਤੋਂ ਜ਼ਿਆਦਾ ਮੰਗ ਵਾਲਾ ਦੇਸ਼ ਹੈ। ਹਰ ਸਾਲ ਪੜ੍ਹਾਈ ਲਈ ਪੰਜਾਬ ਤੋਂ 68 ਹਜ਼ਾਰ ਕਰੋੜ ਦਾ ਖਰਚ ਹੁੰਦਾ ਹੈ। 2022 ਵਿਚ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਤਹਿਤ ਕੈਨੇਡਾ ਵੱਲੋਂ 2,26,450 ਵੀਜ਼ਾ ਨੂੰ ਮਨਜ਼ੂਰੀ ਮਿਲੀ ਸੀ। ਇਨ੍ਹਾਂ ਵਿਚ ਪੰਜਾਬ ਤੋਂ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1.36 ਲੱਖ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment