ਟਰੂਡੋ ਨੇ ਅਫਗਾਨਿਸਤਾਨ ‘ਚ ਨਵੀਂ ਤਾਲਿਬਾਨ ਸਰਕਾਰ ਦੇ ਰੂਪ ‘ਚ ਮਾਨਤਾ ਦੇਣ ਤੋਂ ਕੀਤਾ ਇਨਕਾਰ

TeamGlobalPunjab
2 Min Read

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਟਰੂਡੋ ਨੇ ਅਫਗਾਨਿਸਤਾਨ ‘ਚ ਨਵੀਂ ਤਾਲਿਬਾਨ ਸਰਕਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਤਾਲਿਬਾਨ ਨੇ ਅਫ਼ਗਾਨਸਿਤਾਨ ‘ਚ ਸੱਤਾ ਸੰਭਾਲੀ ਹੈ ਅਤੇ ਇਕ ਚੁਣੀ ਹੋਈ ਲੋਕਤੰਤਰੀ ਸਰਕਾਰ ਨੂੰ ਜ਼ਬਰਦਸਤੀ ਬਦਲ ਦਿੱਤਾ ਹੈ। ਅੱਤਵਾਦੀ ਸੰਗਠਨ ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਦੇ ਰੂਪ ‘ਚ ਮਾਨਤਾ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਉਹ ਕੈਨੇਡਾ ਦੇ ਕਾਨੂੰਨ ਦੇ ਤਹਿਤ ਇਕ ਮਾਨਤਾ ਪ੍ਰਾਪਤ ਅੱਤਵਾਦੀ ਸੰਗਠਨ ਹੈ। ਉਨ੍ਹਾਂ ਇਹ ਵੀ ਕਿਹਾ ਕਿ 20 ਸਾਲ ਪਹਿਲਾਂ ਵੀ ਜਦੋਂ ਅੱਤਵਾਦੀ ਸਮੂਹ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ, ਕੈਨੇਡਾ ਨੇ ਤਾਲਿਬਾਨ ਨੂੰ ਦੇਸ਼ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿੱਤੀ ਸੀ।

 ਦੱਸ ਦਈਏ ਕਿ ਐਤਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਦੇ ਅਫ਼ਗਾਨਿਸਤਾਨ ਛੱਡਣ ਦੇ ਤੁਰੰਤ ਬਾਅਦ ਤਾਲਿਬਾਨ ਕਾਬੁਲ ਵਿਚ ਦਾਖਲ ਹੋਇਆ ਅਤੇ ਰਾਸ਼ਟਰਪਤੀ ਮਹਿਲ ‘ਤੇ ਕੰਟਰੋਲ ਹਾਸਲ ਕਰ ਲਿਆ। ਅੱਤਵਾਦੀ ਸਮੂਹ ਤਾਲਿਬਾਨ ਨੇ ਅਫ਼ਗਾਨ ਸਰਕਾਰ ‘ਤੇ ਆਪਣੀ ਜਿੱਤ ਦਾ ਐਲਾਨ ਕੀਤਾ। ਇਸ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ  ਅਤੇ ਲੋਕ ਦੇਸ਼ ਛੱਡਣ ਲਈ ਮਜਬੂਰ ਹੋ ਗਏ।ਇਸ ਦੇ ਨਾਲ ਹੀ ਤਾਲਿਬਾਨ ਨੇਤਾ ਦੋਹਾ ਵਿਚ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਅਫਗਾਨਿਸਤਾਨ ‘ਚ ਸਰਕਾਰ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਅਤੇ ਅੰਤਰ-ਅਫਗਾਨ ਧਿਰਾਂ ਦੇ ਸੰਪਰਕ ‘ਚ ਹਨ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਨੇ ਵੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਵੱਈਏ ‘ਤੇ ਚਿੰਤਾ ਪ੍ਰਗਟ ਕੀਤੀ ਹੈ।ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਮੈਂ ਸਾਰੇ ਪੱਖਾਂ ਖਾਸ ਕਰ ਕੇ ਤਾਲਿਬਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਦੇ ਜੀਵਨ ਦੀ ਰੱਖਿਆ ਕਰਨ ਲਈ ਸੰਜਮ ਵਰਤਣ ਅਤੇ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਕਰਨ।

Share this Article
Leave a comment