ਆਸਟ੍ਰੇਲੀਆ ਮਰਦਮਸ਼ੁਮਾਰੀ 2021: ਪੰਜਾਬੀ ਬੋਲੀ ਨੂੰ ਮੁੱਖ ਭਾਸ਼ਾਵਾਂ ‘ਚ ਪ੍ਰਮਾਣਿਤ ਕਰਵਾਉਣ ਦੀ ਵਿੱਢੀ ਗਈ ਮੁਹਿੰਮ

TeamGlobalPunjab
3 Min Read

ਮੈਲਬੌਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਆਸਟ੍ਰੇਲੀਆ ਦੇ ਵਿੱਚ ਅੰਕੜਾ ਵਿਭਾਗ ਵਲੋ ਕੀਤੀ ਜਾਣ ਵਾਲੀ ਮਰਦਮਸ਼ੁਮਾਰੀ 10 ਅਗਸਤ ਨੂੰ ਹੋਣ ਜਾ ਰਹੀ ਹੈ। ਇਹ ਮਰਦਮਸ਼ੁਮਾਰੀ ਹਰੇਕ ਪੰਜ ਸਾਲ ਬਾਅਦ ਕਰਵਾਈ ਜਾਂਦੀ ਹੈ। ਇਹ ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਸਹੀ ਤਸਵੀਰ ਪੇਸ਼ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ। ਮਰਦਮਸ਼ੁਮਾਰੀ ਵਿੱਚ ਪ੍ਰਾਪਤ ਅੰਕੜਿਆਂ ਦੇ ਅਧਾਰ ‘ਤੇ ਹੀ ਪਤਾ ਚਲਦਾ ਹੈ ਕਿ ਆਸਟ੍ਰੇਲੀਆ ਵਿੱਚ ਕਿਹੜੇ ਭਾਈਚਾਰੇ ਦੀ ਕਿੰਨੀ ਗਿਣਤੀ ਹੈ ਤੇ ਉਹ ਕਿਹੜੀ ਬੋਲੀ ਬੌਲਦੇ ਹਨ। ਇੰਨਾਂ ਅੰਕਿੜਆਂ ਦੇ ਆਧਾਰ ‘ਤੇ ਹੀ ਮਿਲਣ ਵਾਲੀਆਂ ਸੁਵਿਧਾਵਾਂ ਜਿਵੇਂ ਸਕੂਲ, ਹਸਪਤਾਲ, ਕਮਿਊਨਿਟੀ ਸੈਂਟਰ ਆਦਿ ਬਾਰੇ ਫੈਸਲੇ ਲਏ ਜਾਂਦੇ ਹਨ। ਇੰਨਾ ਅੰਕੜਿਆਂ ਦੇ ਅਧਾਰ ‘ਤੇ ਹੀ ਫੈਡਰਲ ਅਤੇ ਸੂਬਾ ਸਰਕਾਰਾਂ ਵਲੋ ਗਰਾਂਟਾ ਜਾਰੀ ਕੀਤੀਆਂ ਜਾਂਦੀਆਂ ਹਨ।

ਮਰਦਸ਼ੁਮਾਰੀ ਵਿੱਚ ਭਾਗ ਲੈਣਾ ਹਰ ਕਿਸੇ ਲਈ ਲਾਜ਼ਮੀ ਹੈ ਭਾਵੇਂ ਉਹ ਕਿਸੇ ਵੀ ਵੀਜ਼ੇ ‘ਤੇ ਹੋਵੇ ਇਹ ਜਰੂਰੀ ਨਹੀਂ ਹੈ, ਕਿ ਉਹ ਇਥੌਂ ਦਾ ਸਥਾਈ ਨਾਗਰਿਕ ਹੈ ਜਾਂ ਨਹੀਂ ਇਸ ਮਰਦਮਸ਼ੁਮਾਰੀ ਵਿੱਚ ਬੱਚੇ, ਵਿਦਿਆਰਥੀ ਅਤੇ ਵਿਜ਼ਟਰ ਵੀਜ਼ੇ ਤੇ ਆਏ ਵੀ ਭਾਗ ਲੈ ਸਕਦੇ ਹਨ। ਦੇਸ਼ ਤੋ ਬਾਹਰ ਗਏ ਨਾਗਰਿਕ ਇਸ ਵਿੱਚ ਭਾਗ ਨਹੀਂ ਲੈ ਸਕਣਗੇ।

ਮਰਦਮਸ਼ੁਮਾਰੀ ਵਿੱਚ ਸ਼ਮੂਲੀਅਤ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਪੱਤਰ ਵਿਹਾਰ ਰਾਂਹੀ ਜਾਂ ਆਨਲਾਈਨ। ਪੱਤਰ ਵਿਹਾਰ ਲਈ ਹਰ ਇੱਕ ਘਰ ਵਿੱਚ ਇੱਕ ਫਾਰਮ ਪੁੱਜੇਗਾ। ਜਿਸ ‘ਤੇ ਇੱਕ ਕੋਡ ਹੋਵੇਗਾ ਤੇ ਇਸ ਫਾਰਮ ਨੂੰ ਜ਼ਿਮੇਵਾਰੀ ਨਾਲ ਭਰ ਕੇ ਭੇਜਣਾ ਹੋਵੇਗਾ ਤੇ ਦੂਜਾ ਇਸ ਫਾਰਮ ਨੂੰ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਇਸ ਫਾਰਮ ਵਿੱਚ ਦਰਸਾਏ ਗਏ ਸਵਾਲਾਂ ਵਿੱਚ ’16 ਨੰਬਰ’ ਸਵਾਲ ਵਿੱਚ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੇ ਘਰ ਵਿੱਚ ਅੰਗਰੇਜ਼ੀ ਤੋ ਬਿਨਾਂ ਹੋਰ ਕਿਹੜੀ ਬੋਲੀ ਬੋਲਦੇ ਹੋ ਤਾਂ ਉਸ ਵਿੱਚ ਆਪਣੀ ਰੋਜ਼ਾਨਾ ਬੋਲ ਚਾਲ ਵਾਲੀ ਬੋਲੀ ਜਿਵੇਂ ਕਿ ‘ਪੰਜਾਬੀ’ ਭਰਿਆ ਜਾਵੇੇ ਭਾਵੇ ਤੁਸੀਂ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਵੋ।

ਆਸਟ੍ਰੇਲੀਆ ਦੇ ਅੰਕੜਾ ਵਿਭਾਗ ਵਲੋਂ ਹਰ ਨਾਗਰਿਕ ਦੀ ਜਾਣਕਾਰੀ ਨੂੰ ਗੁਪਤ ਰਖਿਆ ਜਾਂਦਾ ਹੈ। 2011 ‘ਚ ਹੋਈ ਮਰਦਮਸ਼ੁਮਾਰੀ ਦੌਰਾਨ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜਦਕਿ ਸਿਰਫ 71,230 ਨੇ ਆਪਣੀ ਬੋਲੀ ਪੰਜਾਬੀ ਭਰੀ ਤੇ ਇਸ ਤਰਾਂ 2016 ਵਿੱਚ 1 ,32 ,499 ਨੇ ਆਪਣੀ ਬੋਲੀ ਪੰਜਾਬੀ ਲਿਖਵਾਈ ਸੀ ਤੇ ਪੰਜਾਬੀ ਬੋਲੀ ਨੂੰ ਆਸਟ੍ਰੇਲੀਆ ਵਿੱਚ ਤੇਜੀ ਨਾਲ ਉਭਰਦੀ ਭਾਸ਼ਾਵਾਂ ਵਿੱਚ ਦਰਜ ਕੀਤਾ ਗਿਆ ਸੀ।

- Advertisement -

ਆਸਟ੍ਰੇਲੀਆ ਵਿੱਚ 2016 ਤੋਂ ਲੈ ਕੇ 2021 ਦੇ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਾਫੀ ਵਧੀ ਹੈ ਤੇ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਇਸ ਵਾਰ ਪੰਜਾਬੀ ਬੋਲਣ ਵਾਲਿਆਂ ਦਾ ਅੰਕੜਾ ਹੋਰ ਵੀ ਵਧੇਗਾ। ਇਸ ਵਾਰ ਵੀ ਪੰਜਾਬੀ ਬੋਲੀ ਨੂੰ ਆਸਟ੍ਰੇਲੀਆ ਦੀ ਮੁੱਖ ਭਾਸ਼ਾਵਾਂ ਵਿੱਚ ਪ੍ਰਮਾਣਿਤ ਕਰਾਉਣ ਅਤੇ ਇਸ ਮਰਦਮਸ਼ੁਮਾਰੀ ਵਿੱਚ ਭਾਗ ਲੈਣ ਲਈ ਪੰਜਾਬੀ ਪ੍ਰੇਮੀਆਂ ਨੇ ਦੇਸ਼ ਭਰ ਵਿੱਚ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਗੁਰੂਘਰਾਂ, ਸੋਸ਼ਲ ਮੀਡੀਆ, ਮੀਟਿੰਗਾਂ ਰਾਂਹੀ ਤੇ ਸੰਚਾਰ ਦੇ ਹੋਰ ਸਾਧਨਾਂ ਦੇ ਰਾਂਹੀ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਬੋਲੀ ਪੰਜਾਬੀ ਲ਼ਿਖਵਾੳੇੁਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Share this Article
Leave a comment