ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਵਿਧਾਇਕਾਂ ਸਮੇਤ ਦਿੱਲੀ ਲਈ ਰਵਾਨਾ ਹੋ ਗਏ ਹਨ। ਹਾਲਾਂਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਸਿਰਫ ਮੁੱਖ ਮੰਤਰੀ ਦੀ ਹੀ ਹੋਵੇਗੀ। ਇਹ ਮੁਲਾਕਾਤ ਦੁਪਹਿਰ 12 ਵਜੇ ਹੋਵੇਗੀ। ਮੁਲਾਕਾਤ ਲਈ ਸਾਰੇ ਵਿਧਾਇਕ ਤਿੰਨ ਬੱਸਾਂ ਰਾਹੀਂ ਦਿੱਲੀ ਰਵਾਨਾ ਹੋਏ ਹਨ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਉਨ੍ਹਾਂ ਦੇ ਅੱਗੇ ਰਹੇਗਾ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਅੱਜ ਦਿੱਲੀ ਰਵਾਨਾ ਹੋਏ ਵਿਧਾਇਕ ਕਪੂਰਥਲਾ ਹਾਊਸ ਪਹੁੰਚਣਗੇ। ਸਾਰੇ ਵਿਧਾਇਕ ਉੱਥੇ ਹੀ ਰੁਕਣਗੇ ਅਤੇ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਮੁਲਾਕਾਤ ਤੋਂ ਬਾਅਦ ਉਹ ਵਿਧਾਇਕਾਂ ਨਾਲ ਵੀ ਬੈਠਕ ਕਰਨਗੇ। ਇਸ ਤੋਂ ਬਾਅਦ ਅਗਲੀ ਸਿਆਸੀ ਰਣਨੀਤੀ ਅਤੇ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਪਾਰਟੀ ਛੱਡ ਕੇ ਗਏ ਸੰਸਦ ਮੈਂਬਰਾਂ ਵਿਰੁੱਧ ‘ਰਾਈਟ ਟੂ ਰਿਕਾਲ’ (Right to Recall) ਦੀ ਮੰਗ ਉਠਾਉਣਗੇ।ਹਾਲਾਂਕਿ, ਉਨ੍ਹਾਂ ਤੋਂ ਪਹਿਲਾਂ ਸੰਸਦ ਮੈਂਬਰ ਰਾਘਵ ਚੱਢਾ ਆਪਣੇ ਸਾਥੀ ਸੰਸਦ ਮੈਂਬਰਾਂ ਨਾਲ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ।
ਰਾਜ ਸਭਾ ਮੈਂਬਰ ਰਾਘਵ ਚੱਢਾ ਤਿੰਨ ਹੋਰ ਸੰਸਦ ਮੈਂਬਰਾਂ ਨਾਲ ਰਾਸ਼ਟਰਪਤੀ ਨੂੰ ਮਿਲਣਗੇ। ਇਹ ਸਾਰੇ ਸੰਸਦ ਮੈਂਬਰ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਰਾਸ਼ਟਰਪਤੀ ਦਫ਼ਤਰ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ 5 ਮਈ ਨੂੰ ਸਵੇਰੇ 10:40 ਵਜੇ ਦਾ ਸਮਾਂ ਦਿੱਤਾ ਹੈ।
ਦੱਸ ਦਈਏ ਕਿ ਬੀਤੀ 24 ਅਪ੍ਰੈਲ ਨੂੰ ‘ਆਪ’ ਦੇ ਕੁੱਲ 10 ਵਿੱਚੋਂ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ (BJP) ਜੁਆਇਨ ਕਰ ਲਈ । ਇਨ੍ਹਾਂ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮੂਹਿਕ ਤੌਰ ‘ਤੇ ਭਾਜਪਾ ਵਿੱਚ ਰਲੇਵਾਂ ਕਰ ਲਿਆ। ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਰਾਜ ਸਭਾ ਵਿੱਚ ‘ਆਪ’ ਦੇ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ ਦੇ ਦੋ-ਤਿਹਾਈ ਤੋਂ ਵੱਧ ਹਨ।ਇਸੇ ਅਧਾਰ ‘ਤੇ ਉਨ੍ਹਾਂ ਨੇ ਸੰਵਿਧਾਨ ਦੀ ਦਸਵੀਂ ਅਨੁਸੂਚੀ ਦੇ ਤਹਿਤ ਦਲ-ਬਦਲੀ ਵਿਰੋਧੀ ਕਾਨੂੰਨ ਤੋਂ ਛੋਟ ਮਿਲਣ ਦਾ ਦਾਅਵਾ ਕੀਤਾ।
ਨਿਯਮਾਂ ਅਨੁਸਾਰ, ਜੇਕਰ ਕਿਸੇ ਪਾਰਟੀ ਦੇ ਘੱਟੋ-ਘੱਟ ਦੋ-ਤਿਹਾਈ ਸੰਸਦ ਮੈਂਬਰ ਜਾਂ ਵਿਧਾਇਕ ਕਿਸੇ ਦੂਜੀ ਪਾਰਟੀ ਵਿੱਚ ਰਲੇਵੇਂ ਦਾ ਫ਼ੈਸਲਾ ਲੈਂਦੇ ਹਨ, ਤਾਂ ਇਸ ਨੂੰ ਦਲ-ਬਦਲੀ ਨਹੀਂ ਮੰਨਿਆ ਜਾਂਦਾ। ਇਨ੍ਹਾਂ ਵਿੱਚ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸੰਜੀਵ ਅਰੋੜਾ ਅਤੇ ਵਿਕਰਮਜੀਤ ਸਾਹਨੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

