ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਗੈਰ ਪੰਜਾਬੀਆਂ, ਵੱਡੇ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਭਰੇ ਗਏੇ ਨਾਮਜ਼ਦਗੀ ਪੱਤਰਾਂ ਦੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਪੰਜਾਬੀਆਂ ਵੱਲੋਂ ‘ਆਪ’ ਦੇ ਹੱਕ ਵਿੱਚ ਦਿੱਤੇ ਫ਼ਤਵੇ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੀਆਂ ਸਾਰੀਆਂ ਰਾਜ ਸਭਾ ਸੀਟਾਂ `ਤੇ ਪੂਰਨ ਤੌਰ `ਤੇ ਪੰਜਾਬੀਆਂ ਦਾ ਹੱਕ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਪ ਵੱਲੋਂ ਐਲਾਨੇ ਗਏ ਰਾਜ ਸਭਾ ਉਮੀਦਵਾਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਗੈਰ ਪੰਜਾਬੀ ਹਨ। ਇਸ ਤੋਂ ਇਲਾਵਾ ਉੱਘੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਛੱਡ ਕੇ ਬਾਕੀ ਦੇ ਦੋ ਉਮੀਦਵਾਰ ਵੱਡੇ ਵਪਾਰੀ ਹਨ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ‘ਆਪ’ ਦਿੱਲੀ ਦੀਆਂ ਸਰਹੱਦਾਂ `ਤੇ ਲੰਮਾ ਸਮਾਂ ਸੰਘਰਸ਼ ਕਰਕੇ ਜਿੱਤ ਹਾਸਲ ਕਰਕੇ ਆਏ ਸੰਘਰਸ਼ੀਲ ਕਿਸਾਨਾਂ ਵਿੱਚੋਂ ਕਿਸੇ ਨੂੰ ਰਾਜ ਸਭਾ ਦੀ ਨੁਮਾਇੰਦਗੀ ਦਿੰਦੀ ਪਰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀਆਂ ਸੀਟਾਂ ਦਾ ਵਪਾਰੀਕਰਣ ਕਰਕੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੇ ਡਾਕਾ ਮਾਰਨ ਦਾ ਕੰਮ ਕੀਤਾ ਹੈ। ਸ: ਢੀਂਡਸਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕਾਂ ਨੂੰ ਇਸ ਦੇ ਵਿਰੁੱਧ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੂਰਨ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਝੋਲੀ ਵਿੱਚ ਜਿੱਤ ਪਾਈ ਹੈ ਅਜਿਹੇ ਵਿੱਚ ਹੁਣ ਵਿਧਾਇਕਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਵਿਰੋਧੀ ਹਰ ਫੈਸਲੇ ਦਾ ਵਿਰੋਧ ਕਰਕੇ ਪੰਜਾਬ ਦੇ ਲੋਕਾਂ ਦੇ ਅਸਲ ਨੁਮਾਇੰਦੇ ਹੋਣ ਦਾ ਫਰਜ਼ ਅਦਾ ਕਰਨ।
ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੰਜਾਬ ਨਾਲ ਸਬੰਧਤ ਹਰ ਫੈਸਲਾ ਦਿੱਲੀ ਬੈਠੇ ਹੁਕਮਰਾਨ ਤੈਅ ਕਰ ਰਹੇ ਹਨ ਅਤੇ ‘ਆਪ’ ਦਾ ਰਾਜ ਸਭਾ ਵਿੱਚ ਆਮ ਆਦਮੀ ਨੂੰ ਪਾਸੇ ਕਰਕੇ ਗੈਰ ਪੰਜਾਬੀਆਂ ਅਤੇ ਵੱਡੇ ਵਪਾਰੀਆਂ ਨੂੰ ਨੁਮਾਇੰਦਗੀ ਦੇਣ ਦਾ ਫੈਸਲਾ ਇਸ ਦਾ ਵੱਡਾ ਸਬੂਤ ਹੈ।