ਮੁੱਖ ਮੰਤਰੀ ਨੇ ਸਵੈ-ਰੋਜ਼ਗਾਰ ਲੋਨ ਮੇਲੇ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

TeamGlobalPunjab
3 Min Read

ਪਟਿਆਲਾ : ਸੂਬਾ ਸਰਕਾਰ ਦੀ ਬੇਹੱਦ ਮਹੱਤਵਪੂਰਨ ਸਕੀਮ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪਟਿਆਲਾ ਤੋਂ ਵੱਡੇ ਪੱਧਰ ਉਤੇ ਇਕ ਸਵੈ-ਰੋਜ਼ਗਾਰ ਲੋਨ ਮੇਲੇ ਦੀ ਸ਼ੁਰੂਆਤ ਕੀਤੀ ਜਿਸ ਨਾਲ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤੱਕ ਕਰਵਾਏ ਵਿਸ਼ੇਸ਼ ਲੋਨ ਮੇਲਿਆਂ ਦੀ ਲੜੀ ਸਮਾਪਤ ਹੋ ਗਈ ਜਿਸ ਵਿੱਚ 1.70 ਲੱਖ ਨੌਜਵਾਨਾਂ ਨੂੰ ਵੱਖੋ-ਵੱਖ ਬੈਂਕਾਂ ਤੋਂ ਸਵੈ ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਉਣ ਵਿੱਚ ਮੱਦਦ ਕੀਤੀ ਗਈ।

ਅੱਜ ਸੂਬੇ ਭਰ ਵਿੱਚ ਸੰਕੇਤ ਵਜੋਂ 1000 ਲਾਭਪਾਤਰੀਆਂ ਨੂੰ ਕਰਜ਼ਾ ਪ੍ਰਵਾਨਗੀ ਦੇ ਸਰਟੀਫਿਕੇਟ ਵੰਡੇ ਗਏ। ਮੁੱਖ ਮੰਤਰੀ ਵੱਲੋਂ ਪਟਿਆਲਾ ਵਿਖੇ ਪੰਜ ਲਾਭਪਾਤਰੀਆਂ ਗੁਰਦੀਪ ਕੌਰ, ਰਾਜਿੰਦਰ ਸਿੰਘ, ਸੀਮਾ ਰਾਣੀ, ਬੇਬੀ ਰਾਣੀ ਤੇ ਹਰਜੀਤ ਸਿੰਘ ਨੂੰ ਇਹ ਸਰਟੀਫਿਕੇਟ ਸੌਂਪੇ ਗਏ। ਉਨ੍ਹਾਂ ਮਿੰਨੀ ਸਕੱਤਰੇਤ ਸਥਿਤ ਪਟਿਆਲਾ ਜ਼ਿਲੇ ਦੇ ਜ਼ਿਲਾ ਰੋਜ਼ਗਾਰ ਅਤੇ ਉਦਮਤਾ ਬਿਊਰੋ ਦਫਤਰ ਦਾ ਵੀ ਦੌਰਾ ਕੀਤਾ।

ਮੁੱਖ ਮੰਤਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 15 ਲੱਖ ਤੋਂ ਵੱਧ ਨੌਜਵਾਨਾਂ ਨੂੰ ਪ੍ਰਾਈਵੇਟ/ਸਰਕਾਰੀ ਖੇਤਰ ਵਿੱਚ ਨੌਕਰੀਆਂ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਇਆ ਗਿਆ ਹੈ। ਇਸ ਮਿਸ਼ਨ ਤਹਿਤ ਰੋਜ਼ਾਨਾ 1100 ਨੌਜਵਾਨਾਂ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ 8.8 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਯੋਗ ਬਣਾਇਆ ਗਿਆ ਜਦੋਂ ਕਿ 5.69 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਅਥੇ 58,258 ਨੌਜਵਾਨਾਂ ਨੂੰ ਸਰਕਾਰੀ ਖੇਤਰ ਵਿੱਚ ਨੌਕਰੀ ਮਿਲੀ। ਅਕਤੂਬਰ ਤੋਂ ਦਸੰਬਰ, 2020 ਤੱਕ ਚੱਲੀ ਮੁਹਿੰਮ ਵਿੱਚ 1.7 ਲੱਖ ਨੌਜਵਾਨਾਂ ਨੂੰ ਨੌਕਰੀਆਂ/ਸਵੈ-ਰੋਜ਼ਗਾਰ ਦੇ ਮੌਕੇ ਮਿਲੇ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਹਰੇਕ ਜ਼ਿਲੇ ਵਿੱਚ ਹਰੇਕ ਮਹੀਨੇ ਦੋ ਨੌਕਰੀ ਮੇਲੇ ਕਰਵਾਏ ਜਾਣਗੇ ਅਤੇ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰੀਆਂ ਨੌਕਰੀਆਂ ਲਈ ਨਿਰੰਤਰ ਇਸ਼ਤਿਹਾਰ ਕੀਤੇ ਜਾਣਗੇ ਜਿਸ ਤਹਿਤ 20 ਹਜ਼ਾਰ ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਮੁਹਾਜ ‘ਤੇ ਅਗਾਂਹਵਧੂ ਉਦਯੋਗਿਕ ਨੀਤੀ ਦੇ ਨਾਲ ਲੰਬੇ ਸਮੇਂ ਦੀ ਬਹੁ-ਧਿਰੀ ਰਣਨੀਤੀ ਉਲੀਕੀ ਹੈ ਜਿਸ ਦੇ ਸਿੱਟੇ ਵਜੋਂ ਸੂਬੇ ਵਿੱਚ 71,000 ਕਰੋੜ ਰੁਪਏ ਦਾ ਉਦਯੋਗਿਕ ਨਿਵੇਸ਼ ਹੋਇਆ ਹੈ ਜਿਸ ਨਾਲ 2.5 ਲੱਖ ਹੋਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।

Share this Article
Leave a comment