ਐਸ਼ਵਰਿਆ ਰਾਏ ਬੱਚਨ ਦੇ ਨਾਂ ‘ਤੇ ਜਾਅਲੀ ਪਾਸਪੋਰਟ ਬਣਾ ਕੇ ਲੋਕਾਂ ਨਾਲ ਕੀਤੀ ਜਾ ਰਹੀ ਸੀ ਠੱਗੀ, 3 ਗ੍ਰਿਫਤਾਰ

Global Team
2 Min Read

ਨਿਊਜ਼ ਡੈਸਕ : ਆਨਲਾਈਨ ਠੱਗੀ ਦੇ ਮਾਮਲੇ ਦੇਸ਼ ਅੰਦਰ ਲਗਾਤਾਰ ਵਧਦੇ ਜਾ ਰਹੇ ਹਨ। ਕੁਝ ਸ਼ਰਾਰਤੀ ਲੋਕ ਹਨ ਜੋ ਆਪਣੀ ਫਰਜ਼ੀ ਪਛਾਣ ਦੱਸ ਕੇ ਵੀ ਲੋਕਾਂ ਨੂੰ ਠੱਗਦੇ ਰਹਿੰਦੇ ਹਨ। ਅਜਿਹਾ ਹੀ ਕੁਝ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਨਾਂ ‘ਤੇ ਹੋਇਆ ਹੈ। ਜੀ ਹਾਂ, ਕੁਝ ਬਦਮਾਸ਼ਾਂ ਨੇ ਐਸ਼ਵਰਿਆ ਰਾਏ ਦੇ ਨਾਂ ‘ਤੇ ਜਾਅਲੀ ਪਾਸਪੋਰਟ ਬਣਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦਾ ਹੈ। ਗ੍ਰੇਟਰ ਨੋਇਡਾ ਪੁਲਿਸ ਨੇ ਤਿੰਨ ਵਿਦੇਸ਼ੀ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਲੋਕਾਂ ਨਾਲ ਸਾਈਬਰ ਧੋਖਾਧੜੀ ਕਰ ਰਹੇ ਸਨ।

ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਕੋਲੋਂ ਅਭਿਨੇਤਰੀ ਐਸ਼ਵਰਿਆ ਰਾਏ ਦੇ ਨਾਂ ਦਾ ਜਾਅਲੀ ਪਾਸਪੋਰਟ ਵੀ ਬਰਾਮਦ ਕੀਤਾ ਹੈ। ਇਸ ਮਾਮਲੇ ‘ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਡਿਪਟੀ ਕਮਿਸ਼ਨਰ (ਗ੍ਰੇਟਰ ਨੋਇਡਾ) ਅਭਿਸ਼ੇਕ ਵਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗ੍ਰੇਟਰ ਨੋਇਡਾ ‘ਚ ਰਹਿਣ ਵਾਲੇ ਤਿੰਨ ਵਿਦੇਸ਼ੀਆਂ ਨੂੰ ਕਥਿਤ ਤੌਰ ‘ਤੇ ਸਾਈਬਰ ਧੋਖਾਧੜੀ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਜਾਅਲੀ ਪਾਸਪੋਰਟ ਮਿਲਿਆ ਹੈ। ਜਿਹੜਾ ਕਿ ਫਿਲਮ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਨਾਂ ‘ਤੇ ਬਣਿਆ ਹੈ।

ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫ਼ੌਜ ਤੋਂ ਸੇਵਾਮੁਕਤ ਕਰਨਲ ਨੇ ਪੁਲਿਸ ਕੋਲ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ 1.81 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਨਾਈਜੀਰੀਆ ਅਤੇ ਇੱਕ ਘਾਨਾ ਦਾ ਹੈ।

Share this Article
Leave a comment