BREAKING NEWS : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫਾ

TeamGlobalPunjab
2 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਹਲਕਾ ਗੁਰਦਾਸਪੁਰ ਤੋਂ ਚੋਣ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਤਾ ਲੱਗਾ ਹੈ ਕਿ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਕੋਲੋਂ ਚੋਣ ਹਾਰਨ ਦੇ ਨਾਲ ਨਾਲ ਸੂਬਾ ਕਾਂਗਰਸ ਵੱਲੋਂ ਮਿੱਥੇ ਗਏ ਮਿਸ਼ਨ-13 ਤੋਂ ਖੁੰਝ ਕੇ 8 ਸੀਟਾਂ ‘ਤੇ ਰਹਿ ਜਾਣ ਤੋਂ ਬੇਹੱਦ ਦੁਖੀ ਸਨ। ਇਸੇ ਲਈ ਉਨ੍ਹਾਂ ਨੇ ਇਸ ਹਾਰ ਦੀ ਨੈਤਿਕ ਜਿੰਮੇਵਾਰੀ ਆਪਣੇ ਸਿਰ ਲੈਂਦਿਆਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ।

ਇਸ ਸਬੰਧੀ ਸੁਨੀਲ ਜਾਖੜ ਦੇ ਨੇੜਲੇ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਖੜ ਨੇ ਤਾਂ ਆਪਣਾ ਅਸਤੀਫਾ ਉਸੇ ਸ਼ਾਮ ਦੇ ਦਿੱਤਾ ਸੀ ਜਦੋਂ 23 ਮਈ ਵਾਲੇ ਦਿਨ ਲੋਕ ਸਭਾ ਚੋਣਾਂ ਦੇ ਨਤੀਜੇ ਸਾਮਹਣੇ ਆਏ ਸਨ। ਸੂਤਰਾਂ ਅਨੁਸਾਰ ਅਜੇ ਤੱਕ ਸੁਨੀਲ ਜਾਖੜ ਦਾ ਅਸਤੀਫਾ ਮਨਜੂਰ ਨਹੀਂ ਕੀਤਾ ਗਿਆ, ਤੇ ਇਸ ‘ਤੇ ਆਖਰੀ ਫੈਸਲਾ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੈਣਾ ਹੈ। ਦੱਸ ਦਈਏ ਕਿ ਮੌਜੂਦਾ ਚੋਣਾਂ ਵਿੱਚ ਸਿਰਫ ਸੁਨੀਲ ਜਾਖੜ ਹੀ ਨਹੀਂ, ਬਲਕਿ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਮਾੜਾ ਰਿਹਾ ਕਿਉਂਕਿ ਦੇਸ਼ ਦੇ 26 ਰਾਜਾਂ ਵਿੱਚ 111 ਕਾਂਗਰਸ ਉਮੀਦਵਾਰਾਂ ਦੀਆਂ ਚੋਣ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ ਹਨ। ਇਸੇ ਲਈ ਸਾਰੇ ਸੂਬਿਆਂ ਵਿੱਚ ਪਾਰਟੀ ਦੇ ਵੱਡੇ ਵੱਡੇ ਆਹੁਦੇਦਾਰ ਆਪੋ ਆਪਣੇ ਆਹੁਦਿਆਂ ਤੋਂ ਅਸਤੀਫੇ ਦੇ ਰਹੇ ਹਨ।

ਹਾਲਾਂਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਰਾਹੁਲ ਗਾਂਧੀ ਨੇ ਵੀ ਕੀਤੀ ਸੀ, ਪਰ ਉਨ੍ਹਾਂ ਦਾ ਅਸਤੀਫਾ ਕਾਂਗਰਸ ਕਾਰਜਕਾਰਨੀ ਕਮੇਟੀ ਨੇ ਨਾ ਮਨਜੂਰ ਕਰ ਦਿੱਤਾ ਸੀ। ਇਸੇ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਹੀ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਆਗੂਆਂ ‘ਤੇ ਨਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਵਾਉਣ ਲਈ ਜੋਰ ਪਾਇਆ ਤੇ ਫਿਰ ਉਹ ਲੋਕ ਆਪਣਿਆਂ ਨੂੰ ਜਿਤਾਉਣ ਲਈ ਹੀ ਜੋਰ ਲਾਉਂਦੇ ਰਹੇ ਤੇ ਇਸ ਦੌਰਾਨ ਦੇਸ਼ ਵਿੱਚ ਪਾਰਟੀ ਹਾਰ ਗਈ।

- Advertisement -

Share this Article
Leave a comment