ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਮਿਊਂਸਪਲ ਚੋਣਾਂ ਦੌਰਾਨ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਵਿਚਾਲੇ ਨਫ਼ਰਤੀ ਸੰਦੇਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਦਰਵਾਜ਼ੇ ’ਤੇ ਪੰਜਾਬੀ, ਮੁਸਲਿਮ ਅਤੇ ਇਜ਼ਰਾਈਲ ਵਿਰੋਧੀ ਸੰਦੇਸ਼ਾਂ ਵਾਲੇ ਪੋਸਟਰ ਤੇ ਸਟਿੱਕਰ ਲਾਏ ਗਏ ਹਨ। ਇਨ੍ਹਾਂ ’ਤੇ ‘ਨੋ ਪੰਜਾਬੀ’ ਅਤੇ ‘ਨੋ ਇਸਲਾਮ’ ਵਰਗੇ ਸ਼ਬਦ ਲਿਖੇ ਹੋਏ ਹਨ, ਜਦਕਿ ਇਜ਼ਰਾਈਲ ਨੂੰ ‘ਅੱਤਵਾਦੀ’ ਕਿਹਾ ਗਿਆ ਹੈ।
ਇਸ ਘਟਨਾ ਵਿੱਚ ਬਰੈਂਪਟਨ ਦੀ ਪਹਿਲੀ ਸਿੱਖ ਮਹਿਲਾ ਕੌਂਸਲਰ ਨਵਜੀਤ ਕੌਰ ਬਰਾੜ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ। ਉਹ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਮੁੜ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ। ਇਸ ਮਾਮਲੇ ਤੋਂ ਬਾਅਦ ਪੰਜਾਬੀ ਆਗੂਆਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ।
ਪੋਸਟਰ ’ਤੇ ਕੌਂਸਲਰ ਦੇ ਚਿਹਰੇ ਉੱਤੇ ਲਾਇਆ ਕਰਾਸ ਦਾ ਨਿਸ਼ਾਨ
ਨਵਜੀਤ ਕੌਰ ਬਰਾੜ ਨੇ ਸੋਸ਼ਲ ਮੀਡੀਆ ’ਤੇ ਘਰ ਦੇ ਦਰਵਾਜ਼ੇ ਦੀ ਤਸਵੀਰ ਸਾਂਝੀ ਕਰਦਿਆਂ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ। ਤਸਵੀਰ ਵਿੱਚ ਕੱਚ ਦੇ ਦਰਵਾਜ਼ੇ ’ਤੇ ਕਈ ਵਿਵਾਦਤ ਪੋਸਟਰ ਦਿਖਾਈ ਦੇ ਰਹੇ ਹਨ। ਇੱਕ ਮੁੱਖ ਪੋਸਟਰ ’ਤੇ ਨਵਜੀਤ ਕੌਰ ਬਰਾੜ ਦੇ ਚਿਹਰੇ ਉੱਤੇ ਲਾਲ ਰੰਗ ਨਾਲ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਹੈ। ਇਸ ਦੇ ਹੇਠਾਂ ਇਸਲਾਮ ਅਤੇ ਪੰਜਾਬੀ ਭਾਈਚਾਰੇ ਵਿਰੁੱਧ ਸੰਦੇਸ਼ ਲਿਖੇ ਹੋਏ ਹਨ।
ਨਵਜੀਤ ਕੌਰ ਬਰਾੜ ਨੇ ਜਤਾਈ ਚਿੰਤਾ
ਘਟਨਾ ਦੀ ਨਿੰਦਾ ਕਰਦਿਆਂ ਨਵਜੀਤ ਕੌਰ ਨੇ ਕਿਹਾ ਕਿ ਆਪਣੇ ਹੀ ਸਮਾਜ ਵਿੱਚ ਪੰਜਾਬੀਆਂ ਅਤੇ ਹੋਰ ਭਾਈਚਾਰਿਆਂ ਵਿਰੁੱਧ ਅਜਿਹੀ ਨਫ਼ਰਤ ਦੇਖਣਾ ਚਿੰਤਾਜਨਕ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੋਈ ਡਿਲੀਵਰੀ ਵਰਕਰ, ਡਾਕੀਆ ਜਾਂ ਪੰਜਾਬੀ ਵਲੰਟੀਅਰ ਇਸ ਦਰਵਾਜ਼ੇ ’ਤੇ ਪਹੁੰਚੇ, ਤਾਂ ਉਸ ਨੂੰ ਕਿਵੇਂ ਮਹਿਸੂਸ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸੰਦੇਸ਼ ਇਹ ਪ੍ਰਭਾਵ ਦੇ ਸਕਦੇ ਹਨ ਕਿ ਇੱਥੇ ਕੁਝ ਲੋਕਾਂ ਦਾ ਸਵਾਗਤ ਨਹੀਂ ਹੈ।
‘ਨਫ਼ਰਤ ਬਰੈਂਪਟਨ ਦੀ ਪਛਾਣ ਨਹੀਂ ਬਦਲ ਸਕਦੀ’
ਨਵਜੀਤ ਕੌਰ ਬਰਾੜ ਨੇ ਕਿਹਾ ਕਿ ਕਿਸੇ ਇੱਕ ਘਰ ਦੇ ਦਰਵਾਜ਼ੇ ’ਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਪੂਰੇ ਸ਼ਹਿਰ ਜਾਂ ਪੰਜਾਬੀ ਭਾਈਚਾਰੇ ਦੀ ਪਛਾਣ ਨੂੰ ਘੱਟ ਨਹੀਂ ਕਰ ਸਕਦੀ। ਉਨ੍ਹਾਂ ਮੁਤਾਬਕ, ਕੁਝ ਲੋਕ ਭਾਈਚਾਰਿਆਂ ਵਿਚਾਲੇ ਫੁੱਟ ਪਾਉਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਲਈ ਉਨ੍ਹਾਂ ਦੇ ਪੰਜਾਬੀ ਗੁਆਂਢੀ ਜਾਂ ਕਿਸੇ ਹੋਰ ਭਾਈਚਾਰੇ ਦੇ ਲੋਕ ਜ਼ਿੰਮੇਵਾਰ ਹਨ।

