ਕੈਨੇਡਾ ‘ਚ ਘਰਾਂ ਦੀ ਔਸਤ ਕੀਮਤ ‘ਚ ਲਗਾਤਾਰ ਚਾਰ ਮਹੀਨੇ ਤੋਂ ਵਾਧਾ, ਜਨਵਰੀ ਦੇ ਮੁਕਾਬਲੇ ਔਸਤ ਕੀਮਤਾਂ 1 ਲੱਖ ਡਾਲਰ ਦਾ ਇਜ਼ਾਫ਼ਾ

Rajneet Kaur
3 Min Read

ਓਂਟਾਰੀਓ: ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ (CREA) ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਵਿਚ ਲਗਾਤਾਰ ਚਾਰ ਮਹੀਨੇ ਤੋਂ ਵਾਧਾ ਦਰਜ ਹੋ ਰਿਹਾ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਕਿਹਾ ਕਿ ਰਾਸ਼ਟਰੀ ਘਰਾਂ ਦੀ ਵਿਕਰੀ ਮਾਰਚ ਅਤੇ ਅਪ੍ਰੈਲ ਦੇ ਵਿਚਕਾਰ 11.3 ਪ੍ਰਤੀਸ਼ਤ ਵਧ ਗਈ ਹੈ। ਉਨ੍ਹਾਂ ਨਾਲ ਹੀ ਇਹ ਕਿਹਾ ਕਿ  ਰੀਅਲ ਅਸਟੇਟ ਮਾਰਕੀਟ ਵਿੱਚ ਫਿਰ ਤੋਂ ਤੇਜ਼ੀ ਤਾਂ ਆਈ ਹੈ ਪਰ   ਸਪਲਾਈ 20 ਸਾਲ ਦੇ ਹੇਠਲੇ ਪੱਧਰ ‘ਤੇ ਰਹੀ । ਨਵੇਂ ਅੰਕੜਿਆਂ ਅਨੁਸਾਰ, ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ 716,000 ਡਾਲਰ ਦਰਜ ਕੀਤੀ ਗਈ ਹੈ, ਜੋ ਕਿ ਜਨਵਰੀ ਮਹੀਨੇ ਵਿਚ ਘਰਾਂ ਦੀ ਔਸਤ ਕੀਮਤ ਦੇ ਮੁਕਾਬਲੇ ਇੱਕ ਲੱਖ ਡਾਲਰ ਦਾ ਇਜ਼ਾਫ਼ਾ ਹੈ।

ਫ਼ਰਵਰੀ 2022 ‘ਚ ਔਸਤ ਕੀਮਤ 816,000 ਡਾਲਰ ਤੋਂ ਵੱਧ ਦੀ ਸਿਖਰ ‘ਤੇ ਪਹੁੰਚਣ ਤੋਂ ਬਾਅਦ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰਾਂ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਮੌਰਗੇਜ ਦਰਾਂ ਵਿਚ ਵਾਧੇ ਕਾਰਨ ਕੈਨੇਡੀਅਨ ਹਾਊਸਿੰਗ ਮਾਰਕੀਟ ਠੰਡੀ ਹੋਣੀ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਔਸਤ ਕੀਮਤਾਂ ਕੁਝ ਮਹੀਨਿਆਂ ਯਾਨੀ ਕਿ ਜੁਲਾਈ ‘ਚ 630,000 ਡਾਲਰ ਤੋਂ ਹੇਠਾਂ ਆ ਗਈਆਂ ਸਨ। ਪਰ ਸਾਲ 2023 ਸ਼ੁਰੂ ਹੁੰਦਿਆਂ ਹਾਊਸਿੰਗ ਮਾਰਕੀਟ ਨੇ ਫ਼ਿਰ ਤੋਂ ਰਫ਼ਤਾਰ ਫੜ ਲਈ ਹੈ।

ਜ਼ਿਆਦਾਤਰ ਤੇਜ਼ੀ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਤੇ ਬੀਸੀ ਦੇ ਲੋਅਰ ਮੇਨਲੈਂਡ (ਵੈਨਕੂਵਰ) ਇਲਾਕੇ ਵਿਚ ਦਰਜ ਹੋਈ ਹੈ। ਜੇ ਇਨ੍ਹਾਂ ਦੋਵੇਂ ਥਾਂਵਾਂ ਦੇ ਅੰਕੜੇ ਮਨਫ਼ੀ ਕਰ ਦਿੱਤੇ ਜਾਣ ਤਾਂ ਘਰ ਦੀ ਔਸਤ ਕੀਮਤ 572,000 ਡਾਲਰ ‘ਤੇ ਆ ਜਾਂਦੀ ਹੈ। ਗ੍ਰੇਟਰ ਟੋਰਾਂਟੋ ਏਰੀਆ ਅਤੇ ਬੀ.ਸੀ. ਦੇ ਲੋਅਰ ਮੇਨਲੈਂਡ, ਦੇਸ਼ ਦੇ ਦੋ ਹਿੱਸਿਆਂ ਵਿੱਚ ਵਿਕਰੀ ਵਿੱਚ ਵਾਧੇ ਦੇ ਕਾਰਨ ਜ਼ਿਆਦਾਤਰ ਰੀਬਾਉਂਡ ਪੈਦਾ ਹੁੰਦੇ ਹਨ, ਜਿਨ੍ਹਾਂ ਨੇ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਦੌਰਾਨ ਸਭ ਤੋਂ ਵੱਧ ਲਾਭ ਦੇਖਿਆ, ਅਤੇ ਇੱਕ ਵਾਰ ਦਰਾਂ ਵਧਣ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਾ ਵੀ ਸਾਹਮਣਾ ਕਰਨਾ ਪਿਆ ਹੈ।

- Advertisement -

 

CREA ਅਨੁਸਾਰ, ਅਪ੍ਰੈਲ ਮਹੀਨੇ ‘ਚ ਘਰਾਂ ਦੀ ਵਿਕਰੀ ‘ਚ ਵੀ ਮਾਰਚ ਦੇ ਮੁਕਾਬਲੇ 11% ਵਾਧਾ ਹੋਇਆ ਹੈ।  ਪਰ ਪਿਛਲੇ ਸਾਲ ਹਾਊਸਿੰਗ ਮਾਰਕੀਟ ਦੀ ਰਿਕਾਰਡ ਤੇਜ਼ੀ ਵੇਲੇ ਅਪ੍ਰੈਲ 2022 ਦੀ ਤੁਲਨਾ ਵਿਚ ਘਰਾਂ ਦੀ ਵਿਕਰੀ ਅਜੇ ਵੀ 20% ਨੀਚੇ ਹੈ।ਟੀਡੀ ਬੈਂਕ ਦੇ ਅਰਥ ਸ਼ਾਸਤਰੀ ਰਿਸ਼ੀ ਸੋਂਧੀ  ਨੇ ਦਸਿਆ ਕਿ  ਮਜ਼ਬੂਤ ਜੌਬ ਮਾਰਕੀਟ ਅਤੇ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਕਾਰਨ ਹਾਊਸਿੰਗ ਮਾਰਕੀਟ ਵਿਚ ਤੇਜ਼ੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਘਰ ਖ਼ਰੀਦਣ ਵੇਲੇ ਕਿਫ਼ਾਇਤੀਪਣ ਅਜੇ ਵੀ ਇੱਕ ਚੁਣੌਤੀ ਹੈ, ਪਰ ਘਰਾਂ ਦੀ ਸੀਮਤ ਸਪਲਾਈ ਕੀਮਤਾਂ ਨੂੰ ਉੱਪਰ ਵੱਲ ਧੱਕ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment