ਸਾਕਾ ਨੀਲਾ ਤਾਰਾ : ਫੌਜ ਨੇ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਨੁਕਸਾਨ ਪਹੁੰਚਾ ਕੇ ਸੰਤ ਭਿੰਡਰਾਂਵਾਲੇ ਤੇ ਹੋਰ ਕਿਸ ਕਿਸ ਨੂੰ ਕੀਤਾ ਸੀ ਸ਼ਹੀਦ?

TeamGlobalPunjab
5 Min Read

-ਇਕਬਾਲ ਸਿੰਘ ਲਾਲਪੁਰਾ

6 ਜੂਨ 1984 ਬੁੱਧਵਾਰ ਸਵੇਰ ਤੱਕ, ਫੌਜ ਨੇ ਸਾਰੀ 5 ਜੂਨ ਦੀ ਰਾਤ ਤੋਂ ਜਾਰੀ ਹਮਲੇ ਨਾਲ ਦਰਬਾਰ ਸਾਹਿਬ ਦੇ ਨਾਲ ਲਗਦੀਆਂ ਬਿਲਡਿੰਗਾਂ ‘ਤੇ ਕਬਜ਼ਾ ਕਰ ਲਿਆ ਸੀ।

ਅੱਧੀ ਰਾਤ ਆਰਮਡ ਪਰਸਨਲ ਕੈਰੀਅਰ ਵਹੀਕਲ ਦੇ ਤਬਾਹ ਹੋਣ ਨਾਲ ਕੇਂਦਰ ਦੀ ਮਨਜ਼ੂਰੀ ਨਾਲ ਫੌਜ ਨੇ ਟੈਂਕ ਅੰਦਰ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡਾ ਹਿੱਸਾ ਢਾਹ ਦਿੱਤਾ, ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਆਦਿ ਵੱਡੇ ਆਗੂ ਵੀ ਸ਼ਹੀਦ ਹੋ ਗਏ।

ਇਕ ਦੋ ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾਉਣ ਦੇ ਜਵਾਬ ਵਿੱਚ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰੇ ਬਹੁਤ ਸ਼ਰਧਾਲੂ ਮਾਰ ਦਿੱਤੇ।
ਹੱਥ ਖੜੇ ਕਰਨ ਵਾਲ਼ਿਆਂ ਵਿੱਚੋਂ ਵੀ ਬਹੁਤ ਸਾਰੇ ਕੰਧ ਨਾਲ ਖੜੇ ਕਰਕੇ ਗੋਲ਼ੀਆਂ ਦਾ ਸ਼ਿਕਾਰ ਬਣਾ ਦਿੱਤੇ।

- Advertisement -

ਮਰਨ ਵਾਲ਼ਿਆਂ ਦੀ ਗਿਣਤੀ ਬਾਰੇ ਆਪਣੇ ਆਪਣੇ ਅੰਦਾਜ਼ੇ ਹਨ, ਪਰ ਜਦੋਂ ਅਨੁਸ਼ਾਸਨ ਵਿੱਚ ਕੰਮ ਕਰਨ ਵਾਲੀ ਫੌਜ ਭਾਵੁਕ ਹੋ ਕੇ ਹੱਥ ਖੜੇ ਕਰਨ ਵਾਲ਼ਿਆਂ ਤੇ ਨਿਹੱਥਿਆਂ ਨੂੰ ਗੋਲ਼ੀਆਂ ਨਾਲ ਭੁੰਨ ਦੇਵੇ ਤਾਂ ਕਾਨੂੰਨ ਦੀ ਪਾਲਣਾ ਤਾਂ ਕਿਸੇ ਨੇ ਵੀ ਨਹੀਂ ਕੀਤੀ?

ਦੋ ਹਜ਼ਾਰ ਤੋਂ ਵੱਧ ਔਰਤਾਂ, ਮਰਦ ਤੇ ਬੱਚੇ ਪਿਆਸ ਨਾਲ ਤੜਫਦੇ ਬੰਨ੍ਹੇ ਹੋਏ ਸਨ, ਚਾਰ ਦਿਨ ਪਿਆਸੇ ਰਹਿਣਾ ਬੜਾ ਮੁਸ਼ਕਲ ਕੰਮ ਸੀ।

ਸੰਤ ਹਰਚੰਦ ਸਿੰਘ ਲੋਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਮਨਜੀਤ ਸਿੰਘ ਤਰਨ ਤਾਰਨੀ, ਦਰਸ਼ਨ ਸਿੰਘ ਈਸਾਪੁਰ, ਅਬਨਾਸ਼ੀ ਸਿੰਘ ਤੇ ਬੀਬੀ ਅਮਰਜੀਤ ਕੌਰ ਗ੍ਰਿਫਤਾਰ ਕਰ ਲਏ ਗਏ। ਕਾਬੂ ਤਾਂ ਸਰਦਾਰ ਬਲਵੰਤ ਸਿੰਘ ਰਾਮੂਵਾਲਿਆ ਵੀ ਕਰ ਲਏ ਸਨ ਪਰ ਗ੍ਰਿਫਤਾਰ ਕਿਉ ਨਹੀਂ ਹੋਏ? ਇਹ ਭੇਦ ਤਾਂ ਉਹ ਹੀ ਦਸ ਸਕਦੇ ਹਨ।

ਮਹਿਲ ਸਿੰਘ ਬੱਬਰ ਨੇ ਪਾਕਿਸਤਾਨ ਵਿੱਚ ਇਕ ਸਿੱਖ ਜਥੇ ਦੇ ਆਗੂ ਨੂੰ ਦੱਸਿਆ ਸੀ ਕਿ ਉਹ ਏਅਰ ਫੋਰਸ ਵਿੱਚੋਂ ਰਿਟਾਇਰ ਹਨ ਤੇ ਵਾਇਰਲੈਸ ਕਰਨਾ ਜਾਣਦੇ ਹਨ। ਸੰਤ ਜਰਨੈਲ ਸਿੰਘ ਨੇ ਉਸ ਨੂੰ ਪਾਕਿਸਤਾਨ ਨੂੰ ਵਾਇਰਲੈਸ ਕਰਨ ਲਈ ਆਖਿਆ ਸੀ ਪਰ ਫ੍ਰੀਕੁਐਂਸੀ ਕਿਸੇ ਨੂੰ ਪਤਾ ਨਹੀਂ ਸੀ।

ਭਾਈ ਮਨਜੀਤ ਸਿੰਘ ਆਦਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਲਿਸਟ ਵਿੱਚ ਨਾਂ ਲਿਖਵਾ ਕੇ ਫੌਜ ਨੂੰ ਚਕਮਾ ਦੇ ਕੇ ਗ੍ਰਿਫਤਾਰ ਹੋ ਗਏ।

- Advertisement -

ਛੋਟੀ ਮੋਟੀ ਲੜਾਈ ਤਾਂ ਦੋ ਦਿਨ ਹੋਰ ਚਲੀ ਪਰ ਧਰਮ ਯੁੱਧ ਮੋਰਚੇ ਦਾ ਦੁਖਦ ਅੰਤ ਹੋ ਗਿਆ। ਕੌਮੀ ਨੁਕਸਾਨ ਦਾ ਕੌਈ ਮਾਪ ਦੰਡ ਨਹੀਂ ਪਰ ਕੌਮੀ ਆਗੂਆ ਦੀ ਦੂਰਅੰਦੇਸ਼ੀ ਤੇ ਕੌਮ ਨੂੰ ਸੰਕਟ ਵਿੱਚੋਂ ਬਚਾਉਣ ਲਈ ਬਹਾਦੁਰੀ ਕਿਧਰੇ ਨਜ਼ਰ ਨਹੀਂ ਆਈ।

ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਤੂਬਰ, ਨਬੰਵਰ 1983 ਵਿੱਚ ਅਕਾਲੀ ਆਗੂਆਂ ਨਾਲ ਇਕ ਮੀਟਿੰਗ ਵਿੱਚ ਫੌਜ ਦਰਬਾਰ ਸਾਹਿਬ ਅੰਦਰ ਭੇਜਣ ਦੀ ਧਮਕੀ ਦੇ ਦਿੱਤੀ ਸੀ, ਜਥੇਦਾਰ ਟੌਹੜਾ ਨੇ ਇਸ ਬਾਰੇ ਮਤਾ ਵੀ ਐਸ ਜੀ ਪੀ ਸੀ ਵੱਲੋਂ ਪਾ ਦਿੱਤਾ ਸੀ, ਪਰ ਕੌਮੀ ਨੀਤੀ ਕੋਈ ਨਹੀਂ ਬਣਾਈ।

ਸੰਤ ਲੌਂਗੋਵਾਲ ਨੂੰ ਉਨ੍ਹਾਂ ਦੀ ਜਾਨ ਨੂੰ ਖਾੜਕੂਆ ਵੱਲੋਂ ਖ਼ਤਰੇ ਬਾਰੇ ਦੱਸਿਆ ਸੀ ਤੇ ਗ੍ਰਿਫਤਾਰੀ ਦੇ ਕੇ ਮੋਰਚਾ ਖਤਮ ਕਰਨ ਦੀ ਸਲਾਹ 15 ਮਈ ਨੇੜੇ ਹੀ ਦਿੱਤੀ ਗਈ ਸੀ, ਪਰ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੀ ਇਕ ਚਿੱਠੀ ਵਿਖਾਈ ਜਿਸ ਵਿੱਚ ਜਲਦੀ ਹੀ ਧਾਰਮਿਕ ਮੰਗਾਂ ਮੰਨ ਲੈਣ ਦੀ ਗੱਲ ਕੀਤੀ ਗਈ ਸੀ।

ਇਹ ਊਠ ਦਾ ਬੁੱਲ੍ਹ ਕਦੇ ਵੀ ਨਹੀਂ ਡਿਗਿਆ ਕਿਉਂਕਿ ਇਹ ਮੰਗਾਂ ਮੰਨਣ ਤੋਂ ਬਾਅਦ ਜੈਕਾਰੇ ਮਾਰਦੇ ਉਨ੍ਹਾਂ ਦਾ ਬਾਹਰ ਨਿਕਲਣ ਦਾ ਮਨਸੂਬਾ ਸੀ।
ਇਹ ਵੱਡੇ ਕੌਮੀ ਨੁਕਸਾਨ ਦੀ ਪ੍ਰਾਪਤੀ ਕੀ ਹੋਈ? ਅੱਜ ਵੀ ਧਾਰਮਿਕ ਤੇ ਰਾਜਨੀਤਿਕ ਆਗੂ, ਛੇ ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਭਾਸ਼ਨ, ਅੰਦਰ ਅਖੰਡ ਪਾਠ ਤੇ ਬਾਹਰ ਖਾਲਿਸਤਾਨ ਦੇ ਨਾਅਰੇ ਮਾਰ ਕੇ ਹਰ ਸਾਲ ਪੁਲਿਸ ਨੂੰ ਦਰਬਾਰ ਸਾਹਿਬ ਅੰਦਰ ਆਉਣ ਦਾ ਮੌਕਾ ਦਿੰਦੇ ਹਨ। 364 ਦਿਨ ਇਸ ਤੋਂ ਬੇਖਬਰ ਤੇ ਸੁੱਤੇ ਰਹਿੰਦੇ ਹਨ।
ਖਾਲਿਸਤਾਨ ਦੇ ਬਿਨਾਂ ਨਿੱਤ ਨਾਅਰੇ ਮਾਰਦੇ, ਪੰਜਾਬ ਨੂੰ ਖਾਲ਼ੀ – ਸਥਾਨ ਬਣਾਉਣ ਵੱਲ ਤੁਰੇ ਲੱਗਦੇ ਹਾਂ, ਪੰਜਾਬ ਵਿੱਚ ਵਸਦੇ ਸਿੱਖ ਭਾਈਚਾਰੇ ਦੀ ਇਸ ਬਾਰੇ ਕੀ ਰਾਇ ਹੈ? ਨਾ ਵਿੱਦਿਆ ਹੈ, ਨਾ ਰੋਜ਼ਗਾਰ, ਨਾ ਹੀ ਡਾਕਟਰੀ ਸਹੂਲਤਾਂ, ਬੱਚੇ ਭੱਜੇ ਹਨ ਬਾਹਰ ਨੂੰ ਤੇ ਪੂਰਬੀਏ ਬਣਦੇ ਜਾ ਰਹੇ ਹਨ ਮਾਲਿਕ ਮਾਲਕ ਪੰਜਾਬ ਦੇ।
ਗੁਰਮਿਤ ਤੇ ਗੁਰਮੁਖੀ ਨੂੰ ਜ਼ਿੰਦਾ ਰੱਖਣ ਲਈ ਉੱਦਮ ਕਰਨਾ ਸਮੇਂ ਦੀ ਮੰਗ ਹੈ।

ਵਾਹਿਗੁਰੂ ਜੀ ਕੀ ਫ਼ਤਿਹ !!

ਸੰਪਰਕ: 9780003333

(ਇਹ ਲੇਖ ਲੜੀ ਇਥੇ ਸਮਾਪਤ ਹੋ ਰਹੀ ਹੈ)

Share this Article
Leave a comment