ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈ ਵਿੱਚ ਇਹ ਕੀ ਹੋ ਰਿਹੈ

TeamGlobalPunjab
3 Min Read

ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਮਨੁੱਖ ਨੂੰ ਵਾਤਾਵਰਨ ਸਾਫ ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਮਿਲਦਾ ਹੈ ਕਿ ਕੋਈ ਵੀ ਮਨੁੱਖ ਵਾਤਾਵਰਨ ਨੂੰ ਦੂਸ਼ਤ  ਨਾ ਕਰੇ। ਪਰ ਮਸ਼ੀਨੀ ਯੁੱਗ ਦਾ ਮਨੁੱਖ ਇਸ ਦੀ ਪ੍ਰਵਾਹ ਨਹੀਂ ਕਰ ਰਿਹਾ। ਉਸ ਨੂੰ ਕੇਵਲ ਆਪਣੀ ਸਹੂਲਤ ਹੀ ਨਜ਼ਰ ਆਉਂਦੀ ਹੈ ਉਸ ਨੂੰ ਇਸ ਦਾ ਗਿਆਨ ਨਹੀਂ ਕਿ ਉਸ ਵੱਲੋਂ ਪਲੀਤ ਕੀਤਾ ਜਾ ਰਿਹਾ ਵਾਤਾਵਰਨ ਉਸ ਲਈ ਹੀ ਹਾਨੀਕਾਰਕ ਹੈ। ਪਲਾਸਟਿਕ ਦੇ ਯੁੱਗ ਨੇ ਪ੍ਰਦੂਸ਼ਣ ਇਸ ਕਦਰ ਵਧਾ ਦਿੱਤਾ ਕਿ ਇਸ ਨਾਲ ਘਾਤਕ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਲਿਆ ਹੈ। ਹਸਪਤਾਲ ਘਾਤਕ ਬਿਮਾਰੀਆਂ ਤੋਂ ਪੀੜਤਾਂ ਨਾਲ ਭਰੇ ਪਏ ਹਨ।

ਪਰ ਪ੍ਰਦੂਸ਼ਣ ਰੋਕਣ ਲਈ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਕੰਮ ਵੀ ਕਰ ਰਹੀਆਂ ਹਨ। ਗੁਰੂ ਨਾਨਕ ਦੇਵ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਨੂੰ ਸਾਫ ਕਰਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੂਰੀ ਦੁਨੀਆ ਵਿਚ ਇਕ ਵਿਲੱਖਣ ਕਾਰਜ ਕੀਤਾ ਹੈ। ਪਰ ਹੁਣ ਇਹ ਵੇਈ ਮੁੜ ਦੂਸ਼ਿਤ ਹੋਣ ਲੱਗ ਪਈ ਹੈ।

ਹਾਲਾਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਪਵਿੱਤਰ ਕਾਲੀ ਵੇਈ ਵਿਚ ਇਕ ਵੀ ਬੂੰਦ ਗੰਦੇ ਪਾਣੀ ਦੀ ਪੈਣ ਤੋਂ ਰੋਕਣ ਬਾਰੇ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਪਰ ਹੁਕਮਨਾਮੇ ਦੀ ਐੱਸਜੀਪੀਸੀ ਵੱਲੋਂ ਹੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਸ ਤੋਂ ਵਾਤਾਵਰਨ ਪ੍ਰੇਮੀਆਂ ਵਿੱਚ ਕਾਫੀ ਨਿਰਾਸ਼ਾ ਪਾਈ  ਜਾ ਰਹੀ ਹੈ।   ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬੇਰ ਸਾਹਿਬ ’ਚ ਚੱਲਦੇ ਲੰਗਰਾਂ ਦਾ ਗੰਦਾ ਪਾਣੀ ਪਵਿੱਤਰ ਵੇਈ ਵਿਚ ਪੈ ਰਿਹਾ ਹੈ। ਲੋਕਾਂ ਦਾ ਇਸ਼ਨਾਨ ਕਾਰਨ ਵਾਲਾ ਪਾਣੀ ਵੇਈ ਵਿੱਚ ਪੈ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 22 ਜੁਲਾਈ 2007 ਹੁਕਮਨਾਮਾ ਜਾਰੀ ਕੀਤਾ ਸੀ ਕਿ ਕਾਲੀ ਵੇਈ ਵਿਚ ਜਾਣੇ-ਅਣਜਾਣੇ ‘ਚ ਗੰਦੇ ਪਾਣੀ ਨਾ ਪੈਣ ਦਿੱਤਾ ਜਾਵੇ। ਪਰ 13 ਸਾਲ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਤੋਂ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਸਾਲ 2008 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੇਈਂ ਕੰਢੇ ਬਣਾਏ ਗਏ ਇਸ਼ਨਾਨ ਘਾਟਾਂ ਦਾ ਉਦਘਾਟਨ ਕੀਤਾ ਸੀ। ਪੰਜਾਬ ਸਰਕਾਰ ਨੇ ਵੀ ਕਾਲੀ ਵੇਈ ਨੂੰ ਪਵਿੱਤਰ ਐਲਾਨਿਆ ਹੋਇਆ ਹੈ।

ਇਤਿਹਾਸਿਕ ਤੱਥਾਂ ਅਨੁਸਾਰ ਵੇਈ ਵਿਚ ਗੁਰੂ ਨਾਨਕ ਦੇਵ ਜੀ ਵੱਲੋਂ ਚੁੱਭੀ ਲਾਈ ਗਈ ਸੀ ਤੇ ਤਿੰਨ ਦਿਨਾਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਨੂੰ ਇਸੇ ਵੇਈ ਵਿਚੋਂ ਗਿਆਨ ਦੀ ਪ੍ਰਾਪਤੀ ਹੋਈ ਸੀ। 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਵੇਈ ਕਿਨਾਰੇ ਲੱਗੇ ਲੰਗਰਾਂ ਦਾ ਗੰਦਾ ਪਾਣੀ ਵੀ ਵੇਈਂ ਵਿਚ ਪੈਣਾ ਸ਼ੁਰੂ ਹੋ ਗਿਆ ਹੈ।

- Advertisement -

ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਰੋਕਣ ਲਈ ਕਹਿ ਦਿੱਤਾ ਹੈ। ਐੱਨਜੀਟੀ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੇਈਂ ਵਿਚ ਗੰਦੇ ਪਾਣੀ ਪੈਣ ਤੋਂ ਰੋਕਣ ਦੀ ਹਦਾਇਤ ਕਰ ਦਿੱਤੀ ਹੈ। ਵਾਤਾਵਰਨ ਪ੍ਰੇਮੀ ਇਸ ਦੇ ਅਮਲ ਦੀ ਉਡੀਕ ਵਿੱਚ  ਹਨ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share this Article
Leave a comment