ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਹਾਰ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਟਵੀਟ ਕਰਦਿਆਂ ਦਿੱਤੀ ਹੈ। ਉਨ੍ਹਾਂ ਹਾਰ ਨੂੰ ਸਵੀਕਾਰ ਕਰਦੇ ਹੋਏ ਲਿਖਿਆ ਕਿ, “ਅਸੀਂ ਨਿਮਰਤਾ ਨਾਲ ਫਤਵਾ ਸਵੀਕਾਰ ਕਰਦੇ ਹਾਂ। ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦਾ ਪਿਛਲੇ ਪੰਜ ਸਾਲਾਂ ਵਿੱਚ ਦਿੱਤੇ ਵੱਡਮੁੱਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ। ਰਾਜ ਦੇ ਲੋਕਾਂ ਵੱਲੋਂ ਸੇਵਾ ਲਈ ਦਿੱਤੇ ਗਏ ਪੰਜ ਸਾਲਾਂ ਲਈ ਧੰਨਵਾਦ। ਅਸੀਂ ਹਿਮਾਚਲ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤਿਆਰ ਰਹਾਂਗੇ।”
हम जनादेश को विनम्रता के साथ स्वीकार करते है।
पाँच वर्षों में आदरणीय प्रधानमंत्री जी एवं केन्द्र सरकार द्वारा दिए गए बहुमूल्य सहयोग के लिए उनका विशेष आभार।
प्रदेश की जनता द्वारा सेवा के लिए दिए पांच साल के लिए धन्यवाद।
हिमाचल के सर्वांगीण विकास के लिए हम हमेशा तत्पर रहेंगे।
— Jairam Thakur 🇮🇳 (@jairamthakurbjp) December 8, 2022
ਜ਼ਿਕਰ ਏ ਖਾਸ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਬਾਅਦ ਕੋਈ ਵੀ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਨਹੀਂ ਆਈ ਅਤੇ ਇਸ ਵਾਰ ਵੀ ਇਹ ਰਵਾਇਤ ਕਾਇਮ ਰੱਖੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ, “ਹੁਣ ਨਵੀਂ ਸਰਕਾਰ ਬਣੇਗੀ, ਮੈਂ ਉਨ੍ਹਾਂ (ਕਾਂਗਰਸ) ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਆਪਣੇ ਵਾਅਦੇ ਪੂਰੇ ਕਰਨਗੇ।” ਉਨ੍ਹਾਂ ਕਿਹਾ, “ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਾਂ-ਪੱਖੀ ਸਹਿਯੋਗ ਦੇਵਾਂਗੇ, ਪਰ ਜਦੋਂ ਸਾਨੂੰ ਲੱਗੇਗਾ ਕਿ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਹੋ ਰਹੀ ਤਾਂ ਅਸੀਂ ਜਨਤਾ ਦੇ ਸਾਹਮਣੇ ਮੁੱਦੇ ਉਠਾਵਾਂਗੇ।” ਠਾਕੁਰ ਨੇ ਕਿਹਾ, ”ਜਨਤਾ ਨੇ ਸਾਨੂੰ ਪੰਜ ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕੀਤੀ।” ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਈ ਸੀਟਾਂ ‘ਤੇ ਜਿੱਤ ਦਾ ਫਰਕ ਬਹੁਤ ਘੱਟ ਹੈ ਅਤੇ 11 ਤੋਂ 12 ਸੀਟਾਂ ‘ਤੇ ਉਮੀਦਵਾਰ 1000 ਤੋਂ ਘੱਟ ਵੋਟਾਂ ਨਾਲ ਜਿੱਤੇ ਹਨ।