ਕੱਲ੍ਹ ਮਿਲਿਆ ‘ਪਦਮ ਸ਼੍ਰੀ’ ਐਵਾਰਡ, ਅੱਜ ਧਰਨੇ ‘ਤੇ ਜਾ ਬੈਠਿਆ ਪਹਿਲਵਾਨ

TeamGlobalPunjab
2 Min Read

ਨਵੀਂ ਦਿੱਲੀ : ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਪੈਰਾ ਪਹਿਲਵਾਨ ਵਰਿੰਦਰ ਸਿੰਘ ਸੂਬੇ ਦੀ ਮਨੋਹਰ ਲਾਲ ਸਰਕਾਰ ਦੇ ਵਿਰੋਧ ‘ਚ ਬੁੱਧਵਾਰ ਨੂੰ ਦਿੱਲੀ ਦੇ ਹਰਿਆਣਾ ਭਵਨ ‘ਚ ਧਰਨੇ ‘ਤੇ ਬੈਠ ਗਏ ਹਨ। ‘ਗੂੰਗੇ ਪਹਿਲਵਾਨ’ ਵਜੋਂ ਜਾਣੇ ਜਾਂਦੇ ਪਹਿਲਵਾਨ ਵਰਿੰਦਰ ਸਿੰਘ ਦੀ ਮੰਗ ਹੈ ਕਿ ਸੂਬੇ ਵਿੱਚ ਗੂੰਗੇ-ਬੋਲੇ ਖਿਡਾਰੀਆਂ ਨੂੰ ਪੈਰਾ ਖਿਡਾਰੀਆਂ ਵਾਂਗ ਬਰਾਬਰ ਅਧਿਕਾਰ ਦਿੱਤੇ ਜਾਣ।

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ ਹੀ ਪਹਿਲਵਾਨ ਵੀਰੇਂਦਰ ਸਿੰਘ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ।

ਵਰਿੰਦਰ ਨੇ ਟਵੀਟ ਕੀਤਾ, ”ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ, ਮੈਂ ਦਿੱਲੀ ‘ਚ ਤੁਹਾਡੀ ਰਿਹਾਇਸ਼ ਹਰਿਆਣਾ ਭਵਨ ਦੇ ਫੁੱਟਪਾਥ ‘ਤੇ ਬੈਠਾ ਹਾਂ ਅਤੇ ਉਦੋਂ ਤੱਕ ਇੱਥੋਂ ਨਹੀਂ ਹਟਾਂਗਾ, ਜਦੋਂ ਤੱਕ ਅਸੀਂ ਤੁਹਾਡੇ ਵਰਗੇ ਗੂੰਗੇ-ਬੋਲੇ ਖਿਡਾਰੀਆਂ ਨੂੰ ਪੈਰਾ ਖਿਡਾਰੀਆਂ ਦੇ ਬਰਾਬਰ ਅਧਿਕਾਰ ਨਹੀਂ ਦਿੰਦੇ।’ ਜਦੋਂ ਕੇਂਦਰ ਸਰਕਾਰ ਸਾਨੂੰ ਬਰਾਬਰ ਦਾ ਹੱਕ ਦਿੰਦੀ ਹੈ ਤਾਂ ਤੁਹਾਡੀ ਸਰਕਾਰ ਕਿਉਂ ਨਹੀਂ?’

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀਰੇਂਦਰ ਪਹਿਲਵਾਨ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ‘ਤੇ ਵਧਾਈ ਦਿੱਤੀ ਸੀ। ਵਰਿੰਦਰ ਨੇ ਮੁੱਖ ਮੰਤਰੀ ਦੇ ਵਧਾਈ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੂਬਾ ਸਰਕਾਰ ‘ਤੇ ਤੰਜ਼ ਕੱਸਿਆ ।

ਉਨ੍ਹਾਂ ਲਿਖਿਆ, “ਮੁੱਖ ਮੰਤਰੀ ਜੀ, ਜੇਕਰ ਤੁਸੀਂ ਮੈਨੂੰ ਪੈਰਾ ਪਲੇਅਰ ਮੰਨਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਬਰਾਬਰ ਦਾ ਅਧਿਕਾਰ ਕਿਉਂ ਨਹੀਂ ਦਿੰਦੇ, ਪਿਛਲੇ 4 ਸਾਲਾਂ ਤੋਂ ਮੈਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ। ਮੈਂ ਅਜੇ ਵੀ ਜੂਨੀਅਰ ਕੋਚ ਹਾਂ ਅਤੇ ਨਾ ਹੀ ਮੈਨੂੰ ਉਨ੍ਹਾਂ ਬਰਾਬਰ ਨਕਦ ਪੁਰਸਕਾਰ ਦਿੱਤਾ ਗਿਆ। ਕੱਲ੍ਹ ਮੈਂ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਗੱਲ ਕੀਤੀ ਹੈ, ਹੁਣ ਫੈਸਲਾ ਤੁਸੀਂ ਕਰਨਾ ਹੈ!’

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਵੀਰੇਂਦਰ ਸਿੰਘ@ਗੂੰਗਾ ਪਹਿਲਵਾਨ ਨੂੰ ਪਦਮ ਸ੍ਰੀ ਅਵਾਰਡ ਮਿਲਣ ‘ਤੇ ਵਧਾਈ ਦਿੱਤੀ ਸੀ।

‘ਪਦਮ ਸ਼੍ਰੀ ਪੁਰਸਕਾਰ’ ਨਾਲ ਸਨਮਾਨਿਤ ਪੈਰਾ ਪਹਿਲਵਾਨ ਵਰਿੰਦਰ ਸਿੰਘ ‘ਸਪੈਸ਼ਲ ਖਿਡਾਰੀਆਂ’ ਨੂੰ ਪੈਰਾ ਖਿਡਾਰੀਆਂ ਵਾਂਗ ਬਰਾਬਰ ਅਧਿਕਾਰ ਅਤੇ ਸੁਵਿਧਾਵਾਂ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ ।

Share this Article
Leave a comment