ਟੋਰਾਂਟੋ : ਕੈਨੇਡਾ ‘ਚ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਰਾਸ਼ਟਰੀ ਬੈਂਕਿੰਗ ਰੈਗੂਲੇਟਰ ਦਾ ਕਹਿਣਾ ਹੈ ਕਿ ਮੌਰਗੇਜ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਗੁਜ਼ਰਨ ਦੀ ਲੋੜ ਨਹੀਂ ਹੋਵੇਗੀ। ਯਾਨੀ ਕਿ ਮੌਰਗੇਜ ਨਵਿਆਉਣ ਸਮੇਂ ਪਹਿਲਾ ਬੈਂਕ ਛੱਡ ਕੇ ਕਿਸੇ ਹੋਰ ਬੈਂਕ ਦੀਆਂ ਸੇਵਾਵਾਂ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਛੋਟ ਦੇ ਦਿਤੀ ਗਈ ਹੈ। ਨਵੇਂ ਨਿਯਮ 21 ਨਵੰਬਰ ਤੋਂ ਲਾਗੂ ਹੋਣਗੇ ਅਤੇ ਘੱਟ ਵਿਆਜ ਦਰਾਂ ਜਾਂ ਬਿਹਤਰ ਕਰਜ਼ਾ ਸਹੂਲਤਾਂ ਦੀ ਭਾਲ ਕਰ ਰਹੇ ਲੋਕਾਂ ਨੂੰ ਬਗੈਰ ਸਟ੍ਰੈਸ ਟੈਸਟ ਤੋਂ ਹੀ ਸਭ ਕੁਝ ਮਿਲ ਜਾਵੇਗਾ। ਅਸਲ ਵਿਚ ਬੀਮੇ ਵਾਲਾ ਘਰ ਕਰਜ਼ਾ ਲੈਣ ਵਾਲਿਆਂ ਨੂੰ 2023 ਵਿਚ ਹੀ ਇਹ ਸਹੂਲਤ ਦੇ ਦਿਤੀ ਗਈ ਅਤੇ ਬਗੈਰ ਬੀਮੇ ਤੋਂ ਘਰ ਕਰਜ਼ਾ ਲੈਣ ਵਾਲੇ ਸ਼ਿਕਾਇਤ ਕਰ ਰਹੇ ਸਨ।
ਔਫ਼ਿਸ ਔਫ਼ ਦ ਸੁਪਰਡੈਂਟ ਔਫ਼ ਫ਼ਾਇਨੈਂਸ਼ੀਅਲ ਇੰਸਟੀਟਿਊਸ਼ਨਜ਼ ਦਾ ਕਹਿਣਾ ਹੈ ਕਿ ਮੌਰਗੇਜ ਧਾਰਕ ਦੀ ਮੌਜੂਦਾ ਮਿਆਦ ਜਾਂ ਲੋਨ ਦਾ ਭੁਗਤਾਨ ਹੋਣ ਤੋਂ ਪਹਿਲਾਂ ਉਸਦੇ ਕਿਸੇ ਹੋਰ ਲੋਨ ਅਦਾਰੇ ਕੋਲ ਜਾ ਕੇ ਮੌਰਗੇਜ ਰਿਨਿਊ ਕਰਵਾਉਣ ਵੇਲੇ, ਲੋਨ ਦੇਣ ਵਾਲੇ ਅਦਾਰਿਆਂ ਵੱਲੋਂ ਇੱਕ ਮਿਨਿਮਮ ਯੋਗਤਾ ਦਰ (ਸਟ੍ਰੈਸ ਟੈਸਟ) ਅਪਲਾਈ ਕਰਨ ਦੀ ਨੀਤੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਸਟ੍ਰੈਸ ਟੈਸਟ ਖਤਮ ਹੋਣ ਦੇ ਐਲਾਨ ਮਗਰੋਂ ਬਟਲਰ ਮੌਰਗੇਜ ਦੇ ਰੌਨ ਬਟਲਰ ਨੇ ਕਿਹਾ ਕਿ ਇਸ ਤਰੀਕੇ ਨਾਲ ਕਰਜ਼ਾ ਲੈਣ ਵਾਲਿਆਂ ਨਾਲ ਇਨਸਾਫ਼ ਹੋਇਆ ਹੈ ਕਿਉਂਕਿ ਮੌਰਗੇਜ ਨਵਿਆਉਣ ਵੇਲੇ ਸਟ੍ਰੈਸ ਟੈਸਟ ਦੀ ਕੋਈ ਤੁਕ ਹੀ ਨਹੀਂ ਬਣਦੀ ਪਰ ਬਗੈਰ ਬੀਮੇ ਤੋਂ ਕਰਜ਼ਾ ਲੈਣ ਵਾਲੇ ਇਹ ਅੜਿੱਕਾ ਪਾਰ ਕਰਨ ਲਈ ਮਜਬੂਰ ਸਨ।
ਦਸਣਾ ਬਣਦਾ ਹੈ ਕਿ ਅਨਇੰਸ਼ੋਰਡ ਮੌਰਗੇਜ ਵਿਚ ਵਿਆਜ ਦਰ, ਕੌਂਟਰੈਕਟ ਰੇਟ ਪਲੱਸ ਦੋ ਫ਼ੀ ਸਦੀ ਵਿਆਜ ਜਾਂ 5.25 ਫੀਸਦੀ ਜੋ ਵੀ ਇਨ੍ਹਾਂ ਵਿਚੋਂ ਵੱਧ ਹੋਵੇ, ਮੁਤਾਬਕ ਤੈਅ ਕੀਤੀ ਜਾਂਦੀ ਹੈ। ਮਾਰਚ ਵਿਚ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਨੇ ਸਿਫ਼ਾਰਿਸ਼ ਕੀਤੀ ਸੀ ਕਿ ਬੀਮਾ ਰਹਿਤ ਮੌਰਗੇਜ ਲੈਣ ਵਾਲਿਆਂ ਨੂੰ ਸਟ੍ਰੈਸ ਟੈਸਟ ਤੋਂ ਬਿਨਾਂ ਬੈਂਕਾਂ ਵਿਚਕਾਰ ਸਵਿਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਕਿਹਾ ਸੀ ਕਿ ਇਹ ਨੀਤੀ ਸਮਾਨ ਰੂਪ ਵਿੱਚ ਲਾਗੂ ਨਹੀਂ ਕੀਤੀ ਗਈ ਸੀ
।
ਸਟ੍ਰੈਸ ਟੈਸਟ ਤਹਿਤ ਫ਼ੈਡਰਲ ਸਰਕਾਰ ਦੁਆਰਾ ਨਿਯੰਤਰ੍ਰਿਤ ਵਿੱਤੀ ਅਦਾਰਿਆਂ ਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਹੈ ਕਿ ਮੌਰਗੇਜ ਲੈਣ ਵਾਲੇ ਲੋਕ ਮੌਰਗੇਜ ਵਿਆਜ ਦਰਾਂ ਵਿੱਚ ਵਾਧੇ ਜਾਂ ਘਰੇਲੂ ਖਰਚਿਆਂ ਵਿੱਚ ਵਾਧੇ ਵਰਗੇ ਵਿੱਤੀ ਝਟਕਿਆਂ ਦੌਰਾਨ ਵੀ ਮੌਰਗੇਜ ਭੁਗਤਾਨ ਕਰਨ ਦੇ ਸਮਰੱਥ ਹੋਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।