Punjab News : ਜੇਕਰ ਤੁਸੀਂ ਪੰਜਾਬ ਦੀ ਕਿਸੇ ਫੈਕਟਰੀ, ਦੁਕਾਨ ਜਾਂ ਹੋਰ ਅਦਾਰੇ ਵਿੱਚ ਕੰਮ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਕਿਉਂਕਿ ਪੰਜਾਬ ਸਰਕਾਰ ਨੇ ਤਨਖ਼ਾਹ ਦੇ ਭੁਗਤਾਨ ਨੂੰ ਲੈ ਕੇ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਹੁਣ ਤਨਖ਼ਾਹ ਦੇਣ ਲਈ ਕੈਸ਼ ਦੀ ਬਜਾਏ ਬੈਂਕਿੰਗ ਅਤੇ ਇਲੈਕਟ੍ਰਾਨਿਕ ਮਾਧਿਅਮ ਦੀ ਵਰਤੋਂ ਕਰਨੀ ਹੋਵੇਗੀ। ਯਾਨੀ ਹੁਣ Salary ਸਿੱਧੀ ਬੈਂਕ ਖਾਤੇ ਵਿੱਚ ਆਵੇਗੀ ਜਾਂ ਫਿਰ ਚੈੱਕ ਰਾਹੀਂ ਮਿਲੇਗੀ! ਦਰਅਸਲ, ਪੰਜਾਬ ਦੇ ਕਿਰਤ ਵਿਭਾਗ ਵੱਲੋਂ ਵੇਤਨ ਸੰਹਿਤਾ 2019 ਦੀ ਧਾਰਾ 15 ਤਹਿਤ ਇਸ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਨਵੇਂ ਨਿਰਦੇਸ਼ਾਂ ਮੁਤਾਬਕ ਸੂਬੇ ਦੀਆਂ ਫੈਕਟਰੀਆਂ ਅਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹ ਦਾ ਭੁਗਤਾਨ ਚੈੱਕ, ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਉਣ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਕਰਨਾ ਹੋਵੇਗਾ। ਸਰਕਾਰ ਚਾਹੁੰਦੀ ਹੈ ਕਿ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਦਾ ਪੂਰਾ ਰਿਕਾਰਡ ਮੌਜੂਦ ਰਹੇ। ਕਿਉਂਕਿ ਜਦੋਂ ਤਨਖ਼ਾਹ ਨਕਦ ਦਿੱਤੀ ਜਾਂਦੀ ਹੈ ਤਾਂ ਕਈ ਵਾਰ ਇਸ ਦਾ ਸਹੀ ਰਿਕਾਰਡ ਰੱਖਣਾ ਮੁਸ਼ਕਲ ਹੋ ਜਾਂਦਾ ਹੈ।
ਇਹ ਵੀ ਪੜ੍ਹੌ : ਸੋਲਾਪੁਰ ‘ਚ ਉਡਾਣ ਭਰਦੇ ਸਮੇਂ ਜਹਾਜ਼ ਹਾਦਸੇ ਦਾ ਸ਼ਿਕਾਰ, ਮਹਿਲਾ ਪਾਇਲਟ ਦੀ ਵਾਲ-ਵਾਲ ਬਚੀ ਜਾਨ
ਪਰ ਬੈਂਕਿੰਗ ਰਿਕਾਰਡ ਹੋਣ ਨਾਲ ਇਹ ਪਤਾ ਲਗਾਉਣਾ ਆਸਾਨ ਹੋਵੇਗਾ ਕਿ ਕਿਸ ਮੁਲਾਜ਼ਮ ਨੂੰ ਕਿੰਨੀ ਤਨਖ਼ਾਹ ਦਿੱਤੀ ਗਈ ਅਤੇ ਕਦੋਂ ਭੁਗਤਾਨ ਕੀਤਾ ਗਿਆ। ਇਸ ਨਾਲ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਫੈਕਟਰੀਆਂ ਅਤੇ ਹੋਰ ਅਦਾਰਿਆਂ ਦੀ ਜਾਂਚ ਦੌਰਾਨ ਵੀ ਮਦਦ ਮਿਲੇਗੀ। ਪਰ ਸਵਾਲ ਇਹ ਹੈ ਕਿ ਕੀ ਪੰਜਾਬ ਵਿੱਚ ਪਹਿਲੀ ਵਾਰ ਤਨਖ਼ਾਹ ਨੂੰ ਲੈ ਕੇ ਅਜਿਹਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ? ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਸਾਲ 2015 ਵਿੱਚ ਵੀ ਪੰਜਾਬ ਸਰਕਾਰ ਨੇ ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਨੂੰ ਮੁਲਾਜ਼ਮਾਂ ਦੀ ਤਨਖ਼ਾਹ ਚੈੱਕ ਜਾਂ ਬੈਂਕ ਖਾਤਿਆਂ ਰਾਹੀਂ ਦੇਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਉਸ ਸਮੇਂ ਉਦਯੋਗਿਕ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਯਾਨੀ CICU ਨੇ ਸਰਕਾਰ ਤੋਂ ਇਹ ਨੋਟੀਫਿਕੇਸ਼ਨ ਵਾਪਸ ਲੈਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੌ : ਵਿਦੇਸ਼ੀਆਂ ਲਈ ਭਾਰਤ ਦਾ ਵੀਜ਼ਾ ਲੈਣਾ ਹੋਵੇਗਾ ਹੋਰ ਆਸਾਨ! 2026 ਦੇ ਅੰਤ ਤੱਕ ਨਵਾਂ ਸਿਸਟਮ ਹੋਵੇਗਾ ਲਾਗੂ
ਜਥੇਬੰਦੀ ਦਾ ਕਹਿਣਾ ਸੀ ਕਿ ਕਈ ਮਜ਼ਦੂਰਾਂ ਦੇ ਬੈਂਕ ਖਾਤੇ ਨਹੀਂ ਹਨ ਅਤੇ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਉਦਯੋਗਾਂ ਲਈ ਇਹ ਨਿਯਮ ਲਾਗੂ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਹੁਣ ਤਾਜ਼ਾ ਹੁਕਮ ਤੋਂ ਬਾਅਦ ਇੱਕ ਵਾਰ ਫਿਰ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਛੋਟੀਆਂ ਫੈਕਟਰੀਆਂ ਅਤੇ ਦੁਕਾਨਾਂ ਲਈ ਇਸ ਨਿਯਮ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕੀ ਹੋਵੇਗੀ? ਦੂਜਾ, ਜਿਨ੍ਹਾਂ ਮਜ਼ਦੂਰਾਂ ਦੇ ਅਜੇ ਤੱਕ ਬੈਂਕ ਖਾਤੇ ਨਹੀਂ ਹਨ, ਉਨ੍ਹਾਂ ਦਾ ਕੀ ਹੋਵੇਗਾ? ਅਤੇ ਤੀਜਾ, ਠੇਕੇ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਖੇਤੀਬਾੜੀ ਨਾਲ ਜੁੜੀਆਂ ਇਕਾਈਆਂ ਲਈ ਕੀ ਕੋਈ ਵੱਖਰੀ ਵਿਵਸਥਾ ਹੋਵੇਗੀ? ਫਿਲਹਾਲ ਜਾਰੀ ਅਧਿਸੂਚਨਾ ਵਿੱਚ ਇਨ੍ਹਾਂ ਸਵਾਲਾਂ ਬਾਰੇ ਹੋਰ ਸਪੱਸ਼ਟਤਾ ਦੀ ਲੋੜ ਹੈ। ਕੁੱਲ ਮਿਲਾ ਕੇ ਪੰਜਾਬ ਵਿੱਚ ਤਨਖ਼ਾਹ ਦੇ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ। ਇਸ ਨਾਲ ਇੱਕ ਪਾਸੇ ਮੁਲਾਜ਼ਮਾਂ ਨੂੰ ਤਨਖ਼ਾਹ ਮਿਲਣ ਦਾ ਡਿਜੀਟਲ ਰਿਕਾਰਡ ਰਹੇਗਾ, ਉੱਥੇ ਹੀ ਛੋਟੇ ਉਦਯੋਗਾਂ ਅਤੇ ਮਜ਼ਦੂਰਾਂ ਸਾਹਮਣੇ ਨਵੀਆਂ ਚੁਣੌਤੀਆਂ ਵੀ ਆ ਸਕਦੀਆਂ ਹਨ।ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਨਿਯਮ ਨੂੰ ਜ਼ਮੀਨੀ ਪੱਧਰ ’ਤੇ ਕਿਵੇਂ ਲਾਗੂ ਕਰਦੀ ਹੈ।

