ਲਾਹੌਰ ਦੇ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੁੜ ਪਹੁੰਚਾਇਆ ਗਿਆ ਨੁਕਸਾਨ

TeamGlobalPunjab
3 Min Read

ਲਾਹੌਰ : ਪਾਕਿਸਤਾਨ ‘ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੁੜ ਤੋਂ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ। ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਦਮ-ਕੱਦ ਬੁੱਤ ਨੂੰ ਅੱਜ ਸਵੇਰੇ ਨੁਕਸਾਨ ਪਹੁੰਚਾਇਆ ਗਿਆ।

ਦੱਸਿਆ ਜਾ ਰਿਹਾ ਹੈ ਇਕ ਮੌਲਵੀ ਅੱਜ ਸਵੇਰੇ ਭਾਰੀ ਸੁਰੱਖਿਆ ਵਾਲੇ ਲਾਹੌਰ ਸ਼ਾਹੀ ਕਿਲ੍ਹੇ ਦੀ ਸਿੱਖ ਗੈਲਰੀ ਦੇ ਬਾਹਰ ਪਹੁੰਚਿਆ ਅਤੇ ਉੱਥੇ ਆਪਣੀ ਧਾਰਮਿਕ ਪ੍ਰਾਰਥਨਾ ਕਰਨ ਉਪਰੰਤ ਉਸ ਨੇ ਧਾਰਮਿਕ ਨਾਅਰੇ ਲਗਾਉਂਦਿਆਂ ਮਹਾਰਾਜਾ ਦੇ ਬੁੱਤ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਬੁੱਤ ਵੱਖ-ਵੱਖ ਹਿੱਸਿਆਂ ‘ਚ ਜ਼ਮੀਨ ‘ਤੇ ਡਿੱਗ ਗਿਆ।

ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੇ ਕੱਟਡ਼ਪੰਥੀ ਸੰਗਠਨ ‘ਤਹਰੀਕ ਏ ਲਬੈੱਕ’ ਦੇ ਕਾਰਕੁੰਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

- Advertisement -

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਚੌਧਰੀ ਫਵਾਦ ਹੁਸੈਨ ਦਾ ਬਿਆਨ ਸਾਹਮਣੇ ਆਇਆ ਹੈ। ਚੌਧਰੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਆਪਣੇ ਟਵਿੱਟਰ ‘ਤੇ ਚੌਧਰੀ ਨੇ ਲਿਖਿਆ, ‘ਸ਼ਰਮਨਾਕ ! ਅਨਪੜ੍ਹ ਲੋਕਾਂ ਦਾ ਇਹ ਸਮੂਹ ਵਿਸ਼ਵ ਵਿੱਚ ਪਾਕਿਸਤਾਨ ਦੇ ਅਕਸ ਲਈ ਸੱਚਮੁੱਚ ਖਤਰਨਾਕ ਹੈ।’

ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਵੀ ਇਸ ਬੁਤ ਨੂੰ ਦੋ ਵਾਰ ਨੁਕਸਾਨ ਪਹੁੰਚਾਇਆ ਗਿਆ ਹੈ। ਉਸ ਸਮੇਂ ਪਾਕਿਸਤਾਨ ਦੇ ਅਧਿਕਾਰੀਆਂ ਨੇ ਭਵਿੱਖ ਵਿੱਚ ਅਜਿਹਾ ਨਾ ਹੋਵੇ ਇਸ ਲਈ ਪੂਰੀ ਸਖਤੀ ਵਰਤਣ ਅਤੇ ਬੁੱਤ ਦੀ ਸੁਰੱਖਿਆ ਦਾ ਵਾਅਦਾ ਕੀਤਾ ਸੀ ਪਰ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਨਾਲ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਸਰਕਾਰ ਦਾ ਦੋਹਰਾ ਚਿਹਰਾ ਬੇਨਕਾਬ ਹੋਇਆ ਹੈ।

ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਵੀ ਕੱਟੜਪੰਥੀ ਲਗਾਤਾਰ ਸਿਰ ਚੁੱਕ ਰਹੇ ਹਨ। ਉਹ ਬਿਨਾਂ ਕਿਸੇ ਖੌਫ਼ ਦੇ ਆਪਣੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ । ਅਜਿਹੇ ਵਿਚ ਘੱਟ ਗਿਣਤੀ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ।

- Advertisement -

ਜ਼ਿਕਰਯੋਗ ਹੈ ਕਿ ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਇਸ ਬੁੱਤ ਨੂੰ ਸਥਾਪਿਤ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਘੋੜੇ ‘ਤੇ ਬੈਠੇ, ਹੱਥ ਵਿਚ ਤਲਵਾਰ ਅਤੇ ਸਿੱਖ ਪਹਿਰਾਵੇ ਵਿਚ ਦਿਖਾਇਆ ਗਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਸਮੇਤ ਭਾਰਤੀ ਉਪ ਮਹਾਦੀਪ ਦੇ ਇਕ ਵੱਡੇ ਹਿੱਸੇ ਉੱਤੇ ਤਕਰੀਬਨ 40 ਸਾਲਾਂ ਤੱਕ ਰਾਜ ਕੀਤਾ ਸੀ। 1839 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

Share this Article
Leave a comment