ਜਲੰਧਰ : ਲੋਕ ਸਭਾ ਹਲਕਾ ਜਲੰਧਰ ਦੇ ਪਿੰਡ ਲੜੋਈ ਵਿਚ ਕਾਂਗਰਸੀਆਂ ਤੇ ਅਕਾਲੀਆਂ ਵਿਚਕਾਰ ਲੜਾਈ ਝਗੜਾ ਹੋਣ ਦੀ ਸੂਚਨਾ ਮਿਲਨ ‘ਤੇ ਇਲਾਕੇ ਦੇ ਪੁਲਿਸ ਅਧਿਕਾਰੀ ਭਾਰੀ ਪੁਲਿਸ ਫੋਰਸ ਲੈ ਕੇ ਮੌਕੇ ‘ਤੇ ਪਹੁੰਚ ਗਏ ਹਨ। ਭਾਵੇਂ ਕਿ ਇਸ ਲੜਾਈ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ, ਪਰ ਅਕਾਲੀ ਦਲ ਦੇ ਬੂਥ ਬੈਠੇ ਲੋਕਾਂ ਨੇ ਦੋਸ਼ ਲਾਇਆ ਕਿ ਕਾਂਗਰਸੀਆਂ ਨੇ ਆ ਕੇ ਉਨ੍ਹਾਂ ਦੇ ਚੋਣ ਬੂਥ ਨੂੰ ਖਿਲਾਰ ਦਿੱਤੇ ਤੇ ਧਮਕੀ ਦਿੱਤੀ ਕਿ ਇਸ ਪਿੰਡ ਵਿੱਚ ਅਕਾਲੀ ਦਲ ਦਾ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਥਿਤ ਹਮਲਾ ਕਰਨ ਆਏ 3 ਲੋਕਾਂ ਦੀ ਪਹਿਚਾਨ ਕਰ ਲਈ ਹੈ ਜਿਨ੍ਹਾਂ ਬਾਰੇ ਪੁਲਿਸ ਨੂੰ ਬਿਆਨ ਦੇ ਦਿੱਤਾ ਗਿਆ ਹੈ।
ਪੁਲਿਸ ਨੂੰ ਬਿਆਨ ਦਿੰਦਿਆਂ ਅਕਾਲੀ ਦਲ ਦੇ ਬੂਥ ‘ਤੇ ਬੈਠੇ ਵਿਅਕਤੀ ਨੇ ਕਿਹਾ ਕਿ ਜਿਸ ਵੇਲੇ ਉਹ ਸਵੇਰ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਬੂਥ ਲਗਾ ਰਹੇ ਸਨ ਤਾਂ ਕੁਝ ਲੋਕਾਂ ਨੇ ਆ ਕੇ ਉਨ੍ਹਾਂ ਦੇ ਕੁਰਸੀਆਂ ਮੇਜ ਉਲਟਾ ਦਿੱਤੇ ਤੇ ਉਨ੍ਹਾਂ ਨੂੰ ਉੱਥੋਂ ਦੌੜ ਜਾਣ ਲਈ ਕਿਹਾ। ਪੀੜਤ ਦੱਸੇ ਜਾ ਰਹੇ ਵਿਅਕਤੀ ਨੇ ਦਾਅਵਾ ਕੀਤਾ ਕਿ ਲੜੋਈ ਪਿੰਡ ਵਿੱਚ ਅਕਾਲੀ ਦਲ ਨੂੰ ਹਮੇਸ਼ਾ ਵੱਧ ਗਿਣਤੀ ‘ਚ ਵੋਟਾਂ ਪੈਂਦੀਆਂ ਹਨ, ਤੇ ਸਰਪੰਚੀ ਚੋਣ ਵਿੱਚ ਵੀ ਇੱਥੋਂ ਅਕਾਲੀ ਦਲ ਉਮੀਦਵਾਰ ਹੀ ਜਿੱਤਿਆ ਸੀ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪੀੜਤਾਂ ਦੇ ਬਿਆਨ ਲੈਣ ਦੇ ਨਾਲ ਨਾਲ ਉੱਥੇ ਪੁਲਿਸ ਟੁਕੜੀ ਤੈਨਾਤ ਕਰ ਦਿੱਤੀ ਹੈ, ਤਾਂ ਕਿ ਮੁੜ ਦੁਬਾਰਾ ਕੋਈ ਹਿੰਸਕ ਵਾਰਦਾਤ ਨਾ ਹੋਵੇ।
https://youtu.be/gxkzHyclneo