ਬੀਬੀ ਜਗੀਰ ਕੌਰ ਅਤੇ ਜਗਮੀਤ ਬਰਾੜ ਸਮੇਤ ਕਈ ਆਗੂਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਇਕੱਤਰਤਾ, ਕੀ ਹੈ ਕਾਰਨ!

Global Team
2 Min Read

ਨਿਊਜ ਡੈਸਕ :  ਪੰਜਾਬ ਦੀ ਸਿਆਸਤ ‘ਚ ਆਏ ਦਿਨ ਉਥਲ ਪੁਥਲ ਮੱਚੀ ਰਹਿੰਦੀ ਹੈ।  ਜਦੋਂ ਸਿਆਸੀ ਗਲਿਆਰਿਆਂ ‘ਤੇ ਨਜ਼ਰ ਮਾਰਦੇ ਹਾਂ ਤਾਂ ਕਿਸੇ ਪਾਸੇ ਪਾਰਟੀ ਤੋਂ ਬੇਦਾਵਾ ਤਾਂ ਕਿਸੇ ‘ਚ ਸ਼ਮੂਲੀਅਤ ਅਕਸਰ ਹੀ ਦੇਖਣ ਨੂੰ ਮਿਲਦੀ ਹੈ। ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁਕੇ ਬੀਬੀ ਜਗੀਰ ਕੌਰ ਅਤੇ ਸ. ਜਗਮੀਤ ਸਿੰਘ ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਇਕੱਤਰਤਾ ਨੂੰ ਉਨ੍ਹਾਂ ਵੱਲੋਂ ਪੰਥਕ ਇਕੱਤਰਤਾ ਦਾ ਨਾਮ ਦਿੱਤਾ ਗਿਆ ਸੀ  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਸ: ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਸ: ਸਰਵਨ ਸਿੰਘ ਫਿਲੌਰ, ਸ: ਜਗਦੀਸ਼ ਸਿੰਘ ਗਰਚਾ, ਜਸਟਿਸ ਨਿਰਮਲ ਸਿੰਘ (ਸੇਵਾਮੁਕਤ), ਐਸਜੀਪੀਸੀ ਸਾਬਕਾ ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਮੈਂਬਰ ਪੀਪੀਐਸਸੀ ਸ: ਸੁਖਵੰਤ ਸਿੰਘ ਸਰਾ ਅਤੇ ਸ: ਮਨਜੀਤ ਸਿੰਘ ਦਸੁਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਦਿ ਸ਼ਾਮਿਲ ਹੋਏ।

ਇਸ ਇਕੱਤਰਤਾ ਤੋਂ ਬਾਅਦ ਬੀਬੀ ਜਗੀਰ ਕੌਰ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਖੂਬ ਸਿਆਸੀ ਤੰਜ ਕਸੇ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਪੰਥਕ ਸਫਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਦਿਨ ਬ ਦਿਨ ਪਤਲੀ ਹੁੰਦੀ ਜਾ ਰਹੀ ਹੈ। ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਖੇਤਰੀ ਪਾਰਟੀ ਹੈ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਬਚਦਾ ਹੈ ਤਾਂ ਹੀ ਪੰਜਾਬ ਦਾ ਇਤਿਹਾਸ ਬਚ ਸਕਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਅਕਾਲੀ ਦਲ ਆਗੂ ਚਿਹਰੇ ਤੋਂ ਤਾਂ ਭਾਵੇਂ ਸਿੱਖ ਹਨ ਪਰ ਉਨ੍ਹਾਂ ਦੀ ਸਿੱਖੀ ਸੋਚ ਨਹੀਂ ਹੈ।

Share this Article
Leave a comment