ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਸੁਪਰੀਮ ਕੋਰਟ ਜਾਵਾਂਗੇ: ਸੁੱਖ ਸਰਕਾਰੀਆ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ ਅੱਜ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਲੋਕ ਵਿਰੋਧੀ ਦੱਸਿਆ। ਬੀਤੇ ਸਮੇਂ ਦੌਰਾਨ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਚੁਣੇ ਗਏ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕਰਨ ਪਹੁੰਚੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਐਫਸੀਆਈ ਦੇ ਮਾਮਲੇ ’ਚ ਕਣਕ ਖਰੀਦ ਸਬੰਧੀ ਨਵੀਂ ਨੀਤੀ ਲਿਆਂਦੀ ਹੈ, ਇਹ ਨੀਤੀ ਢਾਂਚੇ ਨੂੰ ਤਹਿਸ ਨਹਿਸ ਕਰਨ ਵਾਲੀ ਹੈ।

ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਕੋਟਕਪੂਰਾ ਗੋਲੀ ਕਾਂਡ ਸਬੰਧੀ ਮਾਣਯੋਗ ਹਾਈਕੋਰਟ ਵੱਲੋ ਆਏ ਫੈਸਲੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਮਾਣਯੋਗ ਸੁਪਰੀਮ ਕੋਰਟ ਵਿਖੇ ਜਾਵੇਗੀ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੀ ਕੇਂਦਰ ਸਰਕਾਰ ਨਾਲ ਮਿਲਕੇ ਚੱਲਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸੁੱਖ ਸਰਕਾਰੀਆਂ ਨੇ ਕਿਹਾ ਜੇ ਅਸੀਂ ਕੇਂਦਰ ਨਾਲ ਮਿਲਕੇ ਚੱਲਦੇ ਹੁੰਦੇ ਤਾਂ ਅਜਿਹਾ ਨਾ ਹੁੰਦਾ ਜੋ ਹੋ ਰਿਹਾ, ਕੇਂਦਰ ਇਸ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਕਰ ਰਹੀ ਹੈ। ਉਹ ਚਾਹੇ ਜੀਐਸਟੀ ਰਿਫੰਡ ਦੀ ਗੱਲ ਹੋਵੇ ਜਾਂ ਖੇਤੀ ਕਾਨੂੰਨਾਂ ਦਾ ਮਾਮਲਾ ਹੋਵੇ।

ਸੁੱਖ ਸਰਕਾਰੀਆਂ ਬੋਲੇ ਕਿ ‘ਸਾਡੇ ਤਾਂ ਕੇਂਦਰ ਨੇ ਧੌਣ ’ਤੇ ਗੋਡਾ ਦਿੱਤਾ ਤੇ ਵਿਰੋਧੀ ਕਹਿ ਰਹੇ ਇਹ ਰਲੇ ਹੋਏ ਨੇ’। ਨਗਰ ਕੌਂਸਲ ਪ੍ਰਧਾਨਾਂ ਦੀ ਜ਼ਿਲੇ ’ਚ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਕਾਂਗਰਸੀ ਕੌਂਸਲਰਾਂ ਦੇ ਵਿਚਾਰ ਜਾਣੇ ਹਨ ਤੇ ਹਾਈਕਮਾਂਡ ਨਾਲ ਵਿਚਾਰ ਕਰ ਜਲਦ ਪ੍ਰਧਾਨ ਚੁਣ ਲਏ ਜਾਣਗੇ।

Share this Article
Leave a comment