ਲੌਕ ਡਾਉਨ ਦੌਰਾਨ ਦੂਜੇ ਸੂਬਿਆਂ ਵਿੱਚ ਫਸੇ ਪੰਜਾਬੀਆਂ ਲਈ ਮਾਨ ਨੇ ਕੀਤੀ ਵਿਸੇਸ਼ ਅਪੀਲ!

TeamGlobalPunjab
2 Min Read

ਚੰਡੀਗੜ੍ਹ : ਦੇਸ਼ ਅੰਦਰ ਕੀਤੇ ਗਏ ਲੌਕ ਡਾਉਨ ਕਾਰਨ ਕਈ ਵਿਅਕਤੀ ਆਪਣੇ ਘਰ ਤੋਂ ਦੂਰ ਦੂਜੇ ਰਾਜਾਂ ਵਿੱਚ ਫਸ ਗਏ। ਅਜਿਹੇ ਲੋਕਾ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਹਜ਼ਾਰਾਂ ਪੰਜਾਬੀ ਦੂਜੇ ਰਾਜਾਂ ਵਿੱਚ ਫਸ ਗਏ ਹਨ। ਮਾਨ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਕਿਉਂਕਿ ਲਗਾਤਾਰ ਲੌਕਡਾਊਨ ਨਾਲ ਦੂਜੇ ਰਾਜਾਂ ‘ਚ ਪਨਾਹਗੀਰ ਬਣੇ ਪੰਜਾਬੀਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਲੈ ਕੇ ਹਰ ਰੋਜ਼ ਮੁਸ਼ਕਲਾਂ ਵੱਧ ਰਹੀਆਂ ਹਨ।

ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕ ਬਾਹਰ ਰੁਲ ਰਹੇ ਹਨ ਅਤੇ ਇਥੇ ਉਨ੍ਹਾਂ ਦੀਆਂ ਪੱਕੀਆਂ ਫ਼ਸਲਾਂ ਰੁਲਨ ਲੱਗੀਆਂ ਹਨ। ਮਾਨ ਨੇ  ਕਿਹਾ ਕਿ ਉਨ੍ਹਾਂ ਨੂੰ ਖੁਦ ਅਤੇ  ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਹਰ ਰੋਜ਼ ਸੈਂਕੜੇ ਫ਼ੋਨ ਅਤੇ ਸੰਦੇਸ਼ ਦੂਜੇ ਰਾਜਾਂ ‘ਚ ਫਸੇ ਟਰੱਕ ਡਰਾਈਵਰਾਂ, ਕੰਬਾਈਨ ਚਾਲਕਾਂ ਅਤੇ ਮਾਲਕਾਂ, ਵਪਾਰੀਆਂ-ਕਾਰੋਬਾਰੀਆਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ ‘ਤੇ ਗਏ ਪੰਜਾਬੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਦਦ ਲਈ ਕੀਤੇ ਜਾ ਰਹੇ ਹਨ।  ਮਾਨ ਨੇ ਕਿਹਾ ਕਿ ਲੌਕਡਾਊਨ ਦੇ ਪਹਿਲੇ ਪੜਾਅ ਦੌਰਾਨ ਉਨ੍ਹਾਂ ਵਲੋ ਖੁਦ ਬਾਹਰ ਫਸੇ ਪੰਜਾਬੀਆਂ ਨੂੰ ਜਿੱਥੇ ਹਨ ਉੱਥੇ ਹੀ ਸੁਰੱਖਿਅਤ ਤਰੀਕੇ ਨਾਲ ਟਿਕੇ ਰਹਿਣ ਦੀ ਸਲਾਹ ਦਿਤੀ ਗਈ ਸੀ ਪਰ ਹੁਣ ਦੂਜੇ ਰਾਜਾਂ ‘ਚ ਫਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਵੀ ਵਧ ਗਈਆਂ ਹਨ ਅਤੇ ਬੇਚੈਨੀ ਵੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਜਿਸ ਦਾ ਹਾੜੀ ਦੀ ਪੱਕ ਚੁੱਕੀ ਫ਼ਸਲ ਵੀ ਇੱਕ ਵੱਡਾ ਕਾਰਨ ਹੈ। ਕਾਫ਼ੀ ਲੋਕਾਂ ਨੂੰ ਸਿਹਤ ਦੀ ਸਮੱਸਿਆ ਨੇ ਪਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਵਿਸੇਸ਼  ਵਾਹਨਾਂ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇ ।
ਭਗਵੰਤ ਮਾਨ ਨੇ ਨਾਲ ਹੀ ਸੁਝਾਅ ਦਿੱਤਾ ਕਿ ਇਨ੍ਹਾਂ ਸਭ ਦਾ ਚੱਲਣ ਤੋਂ ਪਹਿਲਾਂ ਕੋਰੋਨਾਵਾਇਰਸ ਟੈੱਸਟ ਕਰ ਲਿਆ ਜਾਵੇ ਅਤੇ ਪੰਜਾਬ ‘ਚ ਆਉਣ ‘ਤੇ ਦੋਬਾਰਾ ਟੈੱਸਟ ਤੇ ਇਕਾਂਤਵਾਸ ਦੀ ਸ਼ਰਤ ਪੂਰੀ ਕਰਵਾ ਲਈ ਜਾਵੇ, ਪਰੰਤੂ ਇਨ੍ਹਾਂ ਨੂੰ 3 ਮਈ ਤੱਕ ਲਾਗੂ ਰਹਿਣ ਵਾਲੇ ਲੌਕਡਾਊਨ ਤੱਕ ਦੂਜੇ ਰਾਜਾਂ ‘ਚ ਫਸੇ ਨਾ ਰਹਿਣ ਦਿੱਤਾ ਜਾਵੇ।

Share this Article
Leave a comment