ਭਗਵੰਤ ਮਾਨ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, 48 ਘੰਟਿਆਂ ਅੰਦਰ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੇ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦਾ ਐਲਾਨ ਕਰੇ ਸਰਕਾਰ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਨੂੰ ਕੋਰੋਨਾ ਜੰਗ ਦਾ ‘ਸ਼ਹੀਦ’ ਐਲਾਨੇ ਤੇ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰੇ। ਮਾਨ ਨੇ ਇਸ ਲਈ ਪੰਜਾਬ ਸਰਕਾਰ ਨੂੰ ਅਗਲੇ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ 48 ਘੰਟਿਆਂ ਅੰਦਰ ਅਜਿਹਾ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ‘ਮਜ਼ਦੂਰ ਦਿਵਸ’ ਉੱਤੇ 1 ਮਈ ਨੂੰ ਘਰਾਂ ‘ਚ ਬੈਠ ਕੇ ਹੀ ਸੂਬਾ ਪੱਧਰੀ ਰੋਸ ਪ੍ਰਗਟ ਕਰੇਗੀ।

ਭਗਵੰਤ ਮਾਨ ਨੇ ਕਿਹਾ ਕਿ ਪੀਆਰਟੀਸੀ ਦੇ ਡਰਾਈਵਰ ਮਨਜੀਤ ਸਿੰਘ ਦੀ ਬੀਤੇ ਦਿਨ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਦੇ ਹੋਏ ਰਸਤੇ ‘ਚ ਮੌਤ ਹੋ ਗਈ ਸੀ ਜੋ ਕਿ ਲੌਕਡਾਊਨ ਕਾਰਨ ਸ੍ਰੀ ਹਜ਼ੂਰ ਸਾਹਿਬ ‘ਚ ਫਸੀ ਸੰਗਤ ਨੂੰ  ਪੀਆਰਟੀਸੀ ਦੀ ਬੱਸ ਰਾਹੀਂ ਪੰਜਾਬ ਵਾਪਸ ਲੈਣ ਲਈ ਗਿਆ ਹੋਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਮਨਜੀਤ ਸਿੰਘ ਦੇ ਪਰਿਵਾਰ ਲਈ ਐਲਾਨੀ ਗਈ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਾ ਕੇਵਲ ਪੀੜਤ ਪਰਿਵਾਰ ਨਾਲ ਬੇਇਨਸਾਫ਼ੀ ਹੈ ਸਗੋਂ ਇਸ ਨਾਲ ਕੋਰੋਨਾ ਯੋਧਿਆਂ ਡਾਕਟਰਾਂ, ਨਰਸਾਂ ਅਤੇ ਪੁਲੀਸ ਮੁਲਾਜ਼ਮਾ ਦਾ ਮਨੋਬਲ ਟੁਟੇਗਾ।

ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੂੰ ‘ਕੋਰੋਨਾ ਯੋਧਿਆਂ’ ਦਾ ਭਰੋਸਾ ਜਿੱਤਣ ਅਤੇ ਮਨੋਬਲ ਉੱਚਾ ਰੱਖਣ ਲਈ ਨਾ ਕੇਵਲ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕਰਨਾ ਚਾਹੀਦਾ ਹੈ, ਸਗੋਂ ਕੋਰੋਨਾ ਵਿਰੁੱਧ ਫ਼ੀਲਡ ‘ਚ ਲੜ ਰਹੇ ਸਾਰੇ ਯੋਧਿਆਂ ਲਈ ਕੈਟਾਗਿਰੀਵਾਇਜ਼ ਨੋਟੀਫ਼ਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪੱਤਰਕਾਰਾਂ ਸਮੇਤ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸਮਾਜ ਸੇਵਾ ‘ਚ ਜੁਟੇ ਯੋਧਿਆਂ ਨੂੰ ਵੀ ਵਿਸ਼ੇਸ਼ ਬੀਮਾ ਕਵਰ ਅਧੀਨ ਲਿਆਉਣ ਦੀ ਮੰਗ ਕੀਤੀ ਹੈ।

Share this Article
Leave a comment