ਗੁਰਦਾਸਪੁਰ ‘ਚ ਅੱਜ ਭਗਵੰਤ ਮਾਨ ਤੇ ਕੇਜਰੀਵਾਲ ਦੀ ਰੈਲੀ, ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰੂਟਾਂ ਰਾਹੀਂ ਜਾਣ ਦੀ ਕੀਤੀ ਅਪੀਲ

Rajneet Kaur
3 Min Read

ਗੁਰਦਾਸਪੁਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਅੱਜ ਗੁਰਦਾਸਪੁਰ ਵਿਚ 14.92 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ਵਿਚ ਬਣੇ ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਟਰਮੀਨਲ ਤੇ ਰੇਲਵੇ ਅੰਡਰ ਪਾਸ ਦਾ ਉਦਘਾਟਨ ਕਰਨ ਦੇ ਨਾਲ ਲੋਕ ਸਭਾ ਹਲਕੇ ਵਿੱਚ 1854 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਇੱਕ ਵਿਸ਼ਾਲ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਿਨ ਵੀ ਕੀਤਾ ਜਾ ਰਿਹਾ ਹੈ। ਵਿਕਾਸ ਕ੍ਰਾਂਤੀ ਰੈਲੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਲਿਸ ਵਿਭਾਗ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਹਨ।  ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨਜਦੀਕ ਸੈਦ ਮੁਬਾਰਕ ਪਿੰਡ ਤੋਂ ਸ੍ਰੀ ਹਰਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡੇ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ।

ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲੀ ਪੁੱਲ ਵਾਇਆ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਜਾਣ ਵਾਲੇ ਹਲਕੇ ਵਾਹਨਾਂ ਨੂੰ ਬੱਬਰੀ ਬਾਈਪਾਸ ਤੋਂ ਨਬੀਪੁਰ ਤੋਂ ਬਹਿਰਾਮਪੁਰ ਵਾਇਆ ਦੀਨਾਨਗਰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਹੈਵੀ ਟਰੈਫਿਕ ਨੂੰ ਮਲਕਪੁਰ ਚੌਂਕ ਤੋਂ ਵਾਇਆ ਮੁਕੇਰੀਆਂ, ਟਾਂਡਾ, ਬਟਾਲਾ ਤੋਂ ਅੰਮ੍ਰਿਤਸਰ ਨੂੰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਝੰਡੇ ਚੱਕ ਤੋਂ ਪਨਿਆੜ ਰੋਡ ਵਾਇਆ ਗੁਰਦਾਸਪੁਰ ਸਿਟੀ ਡਾਈਵਰਟ ਕੀਤਾ ਗਿਆ ਹੈ।

ਹੁਸ਼ਿਆਰਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਮੁਕੇਰੀਆਂ ਤੋਂ ਵਾਇਆ ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਘੁਮਾਣ ਤੋਂ ਬਟਾਲਾ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਅੰਮ੍ਰਿਤਸਰ ਦੀ ਹੈਵੀ ਟਰੈਫਿਕ ਨੂੰ ਬੱਬਰੀ ਬਾਈਪਾਸ ਤੋਂ ਅੰਮ੍ਰਿਤਸਰ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਪਠਾਨਕੋਟ ਦੀ ਹੈਵੀ ਟਰੈਫਿਕ ਨੂੰ ਹਰਦੋਛੰਨੀ ਰੋਡ ਤੋਂ ਦੀਨਾਨਗਰ, ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਗੁਰਦਾਸਪੁਰ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਪਰਮਾਨੰਦ, ਦੀਨਾਨਗਰ, ਬਹਿਰਾਮਪੁਰ ਤੋਂ ਬੱਬਰੀ ਬਾਈਪਾਸ ਡਾਈਵਰਟ ਕੀਤਾ ਗਿਆ ਹੈ।

ਬਟਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਵਿਚ ਵਿਕਾਸ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਕਰਨਗੇ। ਗੁਰਦਾਸਪੁਰ ਤੇ ਪਠਾਨਕੋਟ ਲਈ ਇਹ ਇਤਿਹਾਸਕ ਪਲ ਹੈ। ਵੱਡੀ ਗਿਣਤੀ ਵਿਚ ਲੋਕ ਆਪਣੇ ਲੋਕਪ੍ਰਿਯ ਨੇਤਾਵਾਂ ਨੂੰ ਸੁਣਨ ਤੇ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਰੈਲੀ ਵਿਚ ਪਹੁੰਚਣਗੇ। ਰੈਲੀ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮਾਨ ਸਰਕਾਰ ਦੇ ਵਿਕਾਸ ਵੱਲ ਵਧਦੇ ਕਦਮ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਸਹਾਇਕ ਹੋਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment