ਭਗਵੰਤ ਮਾਨ ਨੇ ਦੱਸੀ ਅੰਦਰਲੀ ਗੱਲ, ਗੱਲਾਂ-ਗੱਲਾਂ ‘ਚ ਖੋਲ੍ਹੇ ਕਈ ਭੇਦ

TeamGlobalPunjab
3 Min Read

ਜਲਾਲਾਬਾਦ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਪੰਜਾਬ ਵਿੱਚ ਵੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਅਤੇ ਆਪਣੇ ਆਪਣੇ ਵਿਰੋਧੀਆਂ ਨੂੰ ਲੰਮੇ ਹੱਥੀਂ ਲੈ ਰਹੇ ਹਨ। ਇਸੇ ਸਿਲਸਿਲੇ ‘ਚ ਚੋਣ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਦੋਵਾਂ ਪਾਰਟੀਆਂ ਦੇ ਆਪਸ ‘ਚ ਮਿਲੇ ਹੋਣ ਦੇ ਇਲਜ਼ਾਮ ਲਗਾਏ ਹਨ। ਭਗਵੰਤ ਮਾਨ ਜਲਾਲਾਬਾਦ ਤੋਂ ਜ਼ਿਮਨੀ ਚੋਣਾਂ ‘ਚ ਆਪ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ ‘ਚ ਪ੍ਰਚਾਰ ਕਰਨ ਪਹੰਚੇ ਸਨ। ਇਸ ਦੌਰਾਨ ਮਾਨ ਕਾਂਗਰਸੀ ਐਮ.ਐਲ.ਏ ਰਾਜਾ ਵੜਿੰਗ ਨੂੰ ਵੀ ਘੇਰਦੇ ਨਜ਼ਰ ਆਏ।

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਦੋਵੇ ਪਾਰਟੀਆਂ (ਅਕਾਲੀ ਦਲ ਅਤੇ ਕਾਂਗਰਸ) ਆਪਸ ‘ਚ ਇੱਕ ਦੂਜੇ ਨੂੰ ਵੋਟਾਂ ਪਵਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਲੋਕਾਂ ਨਾਲ ਵੋਟਾਂ ਵੋਟਾਂ ਖੇਡਣਾ ਸਿੱਖ ਚੁਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ ਅਤੇ ਕਿਹਾ ਕਿ ਜਿਸ ਸਮੇਂ  ਰਵਨੀਤ ਬਿੱਟੂ ਨੇ ਇੱਥੋਂ ਚੋਣ ਲੜੀ ਸੀ ਤਾਂ ਉਹ ਸੁਖਬੀਰ ਨੂੰ ਜਿਤਾਉਣ ਲਈ ਲੜੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਚੋਣ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਲੜੀ ਸੀ।

ਇੱਥੇ ਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਉਹ ਪੜ੍ਹਾਈ ਬਾਰੇ ਬੋਲ ਰਹੇ ਹਨ ਨੂੰ ਵੀ ਲੰਮੇ ਹੱਥੀਂ ਲਿਆ। ਮਾਨ ਨੇ ਕਿਹਾ ਕਿ ਅਜਿਹਾ ਕਹਿਣ ਦੀ ਜਰੂਰਤ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਨੂੰ ਹੀ ਕਿਉਂ ਪੈਂਦੀ ਹੈ।ਮਾਨ ਅਨੁਸਾਰ ਕਦੀ ਉਹ ਕਹਿੰਦੇ ਹਨ ਕਿ ਤੜਾਗੀ ਵੰਨ ਕੇ ਜਾਇਆ ਕਰਾਂਗੇ, ਕਦੀ ਖੰਘ ਦੀ ਦਵਾਈ, ਕਦੀ ਕਹਿੰਦਾ ਵੀ ਸ਼ਮਸਾਨਘਾਟ ਇਹੋ ਜਿਹੇ ਬਣਾ ਦੇਵਾਂਗੇ ਜਿਸ ਨਾਲ ਲੋਕਾਂ ਦਾ ਦਿਲ ਮਰਨ ਨੂੰ ਕਰਿਆ ਕਰੇਗਾ। ਮਾਨ ਨੇ ਸਵਾਲ ਕੀਤਾ ਕਿ ਉਹ ਅਜਿਹੇ ਬਿਆਨ ਦਿੰਦੇ ਹੀ ਕਿਉਂ ਹਨ ਜਿਹੜੇ ਅਸਾਨੀ ਨਾਲ ਤੋੜੇ ਮਰੋੜਾ ਜਾ ਸਕਦੇ ਹਨ। ਮਾਨ ਨੇ ਦੋਸ਼ ਲਾਇਆ ਕਿ ਲੀਡਰ ਬੱਚਿਆਂ ਨੂੰ ਪੜ੍ਹਨ ਨਹੀਂ ਦੇਣਾ ਚਾਹੁੰਦੇ ਕਿਉਂਕਿ ਜੇਕਰ ਉਹ ਪੜ ਜਾਣਗੇ ਤਾਂ ਉਨ੍ਹਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਤੇ ਉਹ ਆਪਣੀ ਗਰੀਬੀ ਦੂਰ ਕਰ ਦੇਣਗੇ ਤਾਂ ਫਿਰ ਇਨ੍ਹਾਂ ਦੇ ਮਹਿਲਾਂ ਦੇ ਅੱਗੇ ਅਰਜੀਆਂ ਲੈ ਕੇ ਹੱਥ ਜੋੜ ਕੇ ਕੌਣ ਖੜੇਗਾ?

ਚਾਰ ਹਲਕਿਆਂ ‘ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵਲੋਂ ਇਕ ਦੂਜੇ ‘ਤੇ ਇਲਜ਼ਾਮ ਲਗਾਉਦਿਆਂ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਹਲਕਿਆਂ ਦੇ ਵੋਟਰ ਕਿਹੜੀ ਪਾਰਟੀ ਦੇ ਹੱਕ ‘ਚ ਨਿਤਰਦੇ ਹਨ।

- Advertisement -

Share this Article
Leave a comment