ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਗੇਟ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਕਰੀਬ 4 ਕਰੋੜ ਰੁਪਏ ਦੀ ਰਾਸ਼ੀ ਜਾਰੀ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਲਈ ਚਾਰ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਦਾ ਮੂੰਹ-ਮੱਥਾ ਹੋਰ ਸੰਵਾਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਵਿੱਚ 70 ਫੀਸਦੀ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਪੂਰੀ ਤਰ੍ਹਾਂ ਕਾਇਆ-ਕਲਪ ਹੋ ਗਈ ਹੈ। ਪਰ ਸੂਬੇ ਦੇ 98 ਸਕੂਲਾਂ ਵਿੱਚ ਅਜੇ ਗੇਟ ਨਹੀਂ ਹਨ ਅਤੇ 1622 ਦੀ ਮੁਰੰਮਤ ਹੋਣ ਵਾਲੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 3.93 ਕਰੋੜ ਰੁਪਏ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ।

 

ਬੁਲਾਰੇ ਅਨੁਸਾਰ ਇਸ ਵੇਲੇ ਸੂਬੇ ਭਰ ਦੇ 81 ਪ੍ਰਾਇਮਰੀ ਸਕੂਲਾਂ ਅਤੇ 17 ਮਿਡਲ ਸਕੂਲਾਂ ਦੇ ਗੇਟ ਨਹੀਂ ਹਨ। ਇਨ੍ਹਾਂ ਨੂੰ ਬਨਾਉਣ ਵਾਸਤੇ ਕੁੱਲ 68.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੂਬੇ ਵਿੱਚ 1177 ਪ੍ਰਾਇਮਰੀ ਅਤੇ 445 ਮਿਡਲ ਸਕੂਲਾਂ ਦੇ ਗੇਟਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ 324.40 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 13225 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਦੇ ਇਨ੍ਹਾਂ ਦੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤੀ ਗਈ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਵਧੀਆ ਮਹੌਲ ਬਣਿਆ ਹੈ ਜਿਸ ਦਾ ਪ੍ਰਗਟਾਵਾ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਧਣ ਤੋਂ ਸਪਸ਼ਟ ਤੌਰ ’ਤੇ ਹੁੰਦਾ ਹੈ।

Share this Article
Leave a comment