‘ਮੋਦੀ ਦੇ ਇਸ਼ਾਰਿਆਂ ‘ਤੇ ਕੈਪਟਨ ਨੇ ਪੰਜਾਬ ਵਿਧਾਨ ਸਭਾ ‘ਚ ਖੇਤੀ ਕਾਨੂੰਨਾਂ ਸਬੰਧੀ ਕੀਤਾ ਨਾਟਕ’

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਵੱਲੋਂ ਨਵੇਂ ਕਾਲੇ ਖੇਤੀ ਕਾਨੂੰਨਾਂ ਸਬੰਧੀ ਪਾਸ ਕੀਤੇ ਕਾਨੂੰਨ ਰਾਸ਼ਟਰਪਤੀ ਕੋਲ ਨਾ ਪਹੁੰਚਣਾ ਕੈਪਟਨ ਅਮਰਿੰਦਰ ਸਿੰਘ ਅਤੇ ਗਵਰਨਰ ਦੀ ਮਿਲੀਭੁਗਤ ਦਾ ਨਤੀਜਾ ਹੈ, ਜੋ ਮੋਦੀ-ਸ਼ਾਹ ਦੀ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ। ਇਸ ਤੋਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਰਿੰਦਰ ਮੋਦੀ ਨਾਲ ਮਿਲ ਕੇ ਇਨ੍ਹਾਂ ਕਾਨੂੰਨਾਂ ਸਬੰਧੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਮਨਸੂਬੇ ਨਾਲ ਨਾਟਕ ਕਰਨ ਦਾ ਪਰਦਾਫਾਸ਼ ਹੋਇਆ ਹੈ। ਪਾਰਟੀ ਹੈੱਡ ਕੁਆਰਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਕਾਨੂੰਨ ਬਣਾਉਣ ਦੀ ਡਰਾਮੇਬਾਜ਼ੀ ਕੀਤੀ ਸੀ ਜੋ ਅੱਜ 79 ਦਿਨ ਬੀਤਣ ਦੇ ਬਾਅਦ ਵੀ ਉਹ ਗਵਰਨਰ ਕੋਲ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹਾ ਕੀਤਾ ਸੀ, ਜੇਕਰ ਸੱਚੇ ਦਿਲੋਂ ਕਿਸਾਨਾਂ ਦੀ ਕੋਈ ਚਿੰਤਾਂ ਹੁੰਦੀ ਤਾਂ ਉਹ ਇਸਦੀ ਪੈਰਵਾਈ ਕਰਦੇ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਸਬੰਧੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਬੋਲ ਦਿੱਤਾ ਹੈ, ਹੈਰਾਨੀ ਦੀ ਗੱਲ ਹੈ ਕਿ ਏ ਜੀ ਕੋਲ ਵਕੀਲਾਂ ਦੀ ਐਨੀ ਵੱਡੀ ਫੌਜ ਹੁੰਦੇ ਹੋਏ ਵੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲਕੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਅਸਲ ਵਿੱਚ ਉਨ੍ਹਾਂ ਕਾਲੇ ਕਾਨੂੰਨਾਂ ਜਿਸ ਨੂੰ ਕਿਸਾਨ ਮੌਤ ਦੇ ਵਰੰਟ ਕਹਿ ਰਹੇ ਹਨ ਖਿਲਾਫ ਕੁਝ ਨਹੀਂ ਕਰਨਾ। ਰਾਜਪਾਲ ਉੱਤੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਪੰਜਾਬ ਦੇ ਕਿਸਾਨਾਂ ਨੂੰ ਨਿਆਂ ਦੇਣ ਤੋਂ ਮਨਾਂ ਕਰ ਰਹੇ ਹਨ। ਪੁੱਤ ਮੋਹ ਦੇ ਚਲਦਿਆਂ ਈਡੀ ਦੇ ਕੇਸਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਪੈਰ ਪੈਰ ਉੱਤੇ ਧੋਖਾ ਦੇ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹਾਈਪਵਰ ਕਮੇਟੀ ਵਿੱਚ ਹਮਾਇਤ ਕਰਨ ਤੋਂ ਲੈ ਕੇ ਹੁਣ ਤੱਕ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਭੁਗਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਕਿਸਾਨਾਂ ਦੀਆਂ ਮੰਗਾਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਮਿਲਣਾ ਤਾਂ ਦੂਰ ਦੀ ਗੱਲ, ਆਪਣੇ ਗੁਆਢ ‘ਚ ਬੈਠੇ ਗਵਰਨਰ ਨੂੰ ਵੀ ਨਹੀਂ ਮਿਲੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਕੈਪਟਨ ਸਰਕਾਰ ਦੇ ਦੋਗਲੇਪਣ ਦਾ ਪਰਦਾਫਾਸ ਕਰਦੀ ਆ ਰਹੀ ਹੈ। ਕਨੂੰਨਾਂ ਸਬੰਧੀ ਜੋ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਸੀ ਉਸ ਵਿੱਚ ਪੇਸ਼ ਕੀਤੇ ਜਾਣ ਵਾਲੇ ਕਾਨੂੰਨ ਦੀਆਂ ਕਾਪੀਆਂ ਵੀ ਵਿਧਾਇਕਾਂ ਨੂੰ ਪਹਿਲਾਂ ਨਾ ਦਿੱਤੀਆਂ ਗਈਆਂ, ਜੋ ਪੜ੍ਹਕੇ ਇਸ ਉੱਤੇ ਵਿਚਾਰ ਕਰ ਸਕਦੇ, ਜਿਸ ਨੂੰ ਲੈ ਕੇ ‘ਆਪ’ ਦੇ ਵਿਧਾਇਕਾਂ ਨੇ ਸਾਰੀ ਰਾਤ ਵਿਧਾਨ ਸਭਾ ਹਾਲ ‘ਚ ਧਰਨਾ ਵੀ ਦਿੱਤਾ। ਇਸ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਉੱਤੇ ‘ਆਪ’ ਨੇ ਸਵਾਲ ਖੜ੍ਹੇ ਕੀਤੇ ਸਨ, ਜੋ ਹੁਣ ਬਿਲਕੁਲ ਸੱਚ ਸਾਬਤ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਅੱਜ ਵੀ ਈਡੀ ਕੇਸਾਂ ਤੋਂ ਡਰਦਾ ਹੋਇਆ ਕਿਸਾਨਾਂ ਦੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਹੱਥਕੰਢਾ ਵਰਤ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਕਾਨੂੰਨਾਂ ਨੂੰ ਲੈ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਵਿੱਚ ਇਹ ਕਾਨੂੰਨ ਲਾਗੂ ਹੋ ਚੁੱਕੇ ਹਨ, ਪ੍ਰੰਤੂ ਕੈਪਟਨ ਅਜੇ ਵੀ ਝੂਠ ਬੋਲ ਰਹੇ ਹਨ ਕਿ ਕਾਨੂੰਨ ਲਾਗੂ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤ ਮੋਹ ‘ਚ ਮੁੱਖ ਮੰਤਰੀ ਅਹੁਦੇ ਦੇ ਮਾਨ ਸਨਮਾਨ ਨੂੰ ਢਾਂਹ ਨਾ ਲਗਾਉਣ, ਕੁਰਸੀ ਛੱਡ ਸਿੱਧੇ ਤੌਰ ਉੱਤੇ ਮੋਦੀ-ਸ਼ਾਹ ਨਾਲ ਖੜ੍ਹਨ ਦੀ ਗੱਲ ਸਵੀਕਾਰ ਕਰਨ।

Share this Article
Leave a comment