‘ਭਗਤ ਸਿੰਘ-ਰਾਜਗੁਰੂ-ਸੁਖਦੇਵ’ ਸ਼ਹੀਦਾਂ ਨੂੰ ਯਾਦ ਕੀਤਾ ਤੇ ਚੰਗੇ ਭਵਿੱਖ ਲਈ ਆਇਦ ਲਿਆ

TeamGlobalPunjab
4 Min Read

ਬਿੰਦੂ ਸਿੰਘ

23 ਮਾਰਚ 1931 , ਉਮਰ 23 ਵਰ੍ਹੇ , ਪਿਤਾ ਦਾ ਨਾਂਅ ਕਿਸ਼ਨ ਸਿੰਘ ਸੰਧੂ , ਮਾਤਾ ਦਾ ਨਾਂਅ ਵਿਦਿਆਵਤੀ ਕੌਰ , ਮੁੱਕਦਮਾ – ਅੰਗਰੇਜ਼ ਹਕੂਮਤ ਦੌਰਾਨ 21 ਵਰ੍ਹੇ ਦੇ ਪੁਲਿਸ ਅਫਸਰ ਜੋਨ ਸਾਂਡਰਸ ਤੇ ਹੈਡ ਕਾਂਸਟੇਬਲ ਚੰਨਣ ਸਿੰਘ ਨੂੰ ਕਤਲ ਕਰਨ ਦਾ ਦੋਸ਼ ਤੇ ਅਦਾਲਤ ਨੇ ਫਾਸੀ ਦੀ ਸਜ਼ਾ ਸੁਣਾਈ। ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੰਗਰੇਜ਼ੀ ਹਕੂਮਤ ਵਾਲੇ ਭਾਰਤ ਦੇ ਪੰਜਾਬ ਦੇ ਜ਼ਿਲਾ ਲਹੌਰ ਦੀ ਕੇਂਦਰੀ ਜੇਲ ਵਿੱਚ ਰੱਖਿਆ ਗਿਆ ਸੀ ਤੇ ਫਾਸੀ ਦੀ ਤੈਅ ਤਾਰੀਕ ਤੋਂ 11 ਘੰਟੇ ਪਹਿਲਾਂ ਹੀ ਫਾਹੇ ਚਾੜ੍ਹ ਦਿੱਤਾ ਗਿਆ ਸੀ।

ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਿਵਰਾਮ ਰਾਜਗੁਰੂ ਜੋ ਕਿ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਜੱਥੇਬੰਦੀ ਨਾਲ ਜੁੜੇ ਹੋਏ ਸਨ ,ਨੇ ਸਾਂਡਰਸ ਨੂੰ ਜੇਮਸ ਸਕਾਟ ਦੇ ਭੁਲੇਖੇ , ਦਿਸੰਬਰ 1928 ਵਿੱਚ ਮਾਰ ਦਿੱਤਾ ਸੀ। ਇਹਨਾਂ ਦੇ ਇਕ ਹੋਰ ਸਾਥੀ ਸੁਖਦੇਵ ਨੂੰ ਵੀ ਇਨ੍ਹਾਂ ਦੇ ਨਾਲ ਹੀ ਫਾਸੀ ਦਿਤੀ ਗਈ ਸੀ। ਇਸ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਜੇਲ ਦੀ ਪਿਛਲੀ ਦੀਵਾਰ ਨੂੰ ਤੋੜ ਕੇ ਗੁਪਤ ਤਰੀਕੇ ਨਾਲ ਤਿੰਨਾਂ ਦੀਆਂ ਦੇਹਾਂ ਨੂੰ ਹੁਸੈਨੀਵਾਲ ਪਿੰਡ , ਜੋ ਇਸ ਸਮੇਂ ਭਾਰਤ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਚ ਹੈ , ਵਿੱਚ ਲਿਆ ਕੇ ਸੰਸਕਾਰ ਕਰ ਦਿੱਤਾ ਸੀ। ਫਾਸੀ ਵਾਲੀ ਉਹ ਜਗ੍ਹਾ ਅੱਜ ਲਾਹੌਰ ਦਾ ‘ਸਦਮਨ’ ਚੌਂਕ ਹੈ ਪਰ ਉਸ ਸਮੇਂ ਇਹ ਜ਼ਮੀਨ ਦਾ ਟੁਕੜਾ ਜੇਲ ਦੀ ਚਾਰ ਦੀਵਾਰੀ ਦਾ ਹਿੱਸਾ ਸੀ।

- Advertisement -

 

 

 

 

(Sadman Chownk, Lahore)

- Advertisement -

ਭਾਰਤ ਦੀ ਲੋਕਸਭਾ ਚ ਵੀ ਅੱਜ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ ਗਈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਇਨ੍ਹਾਂ ਸ਼ਹੀਦਾਂ ਵਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਿਰਲਾ ਨੇ ਕਿਹਾ ਕਿ ਦੇਸ਼ ਦੇ ਹਰੇਕ ਵਸਨੀਕ ਨੂੰ ਮੁਲਕ ਦੀ ਭਲਾਈ ਲਈ ਆਪਣਾ ਬਣਦਾ ਹਿੱਸਾ ਪਾਉਣ ਦੀ ਲੋੜ ਹੈ ਤੇ ਵਿਧਾਨਕਾਰਾਂ ਨੂੰ ਸਹੀ ਤੇ ਉੱਚੇ ਪੱਧਰ ਤੇ ਮਿਆਰ ਨੂੰ ਕਾਇਮ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕਸਭਾ ਦੇ ਸਦਨ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਉਨ੍ਹਾਂ ਦਾ ਆਪਣੇ ਦੇਸ਼ ਲਈ ਜਾਨਾਂ ਵਾਰ ਦੇਣ ਵਾਲੇ ਜਜ਼ਬੇ ਤੋਂ ਦੇਸ਼ਵਾਸੀ ਹਮੇਸ਼ਾ ਸਿਹਤ ਲੈਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਪੰਚਕੁਲਾ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਸ਼ਰਧਾਂਜਲੀ ਦਿੱਤੀ ਤੇ ਉਸ ਤੋਂ ਬਾਅਦ ਭਗਤ ਸਿੰਘ ਨੇ ਨਾਂਅ ਤੇ ਇੱਕ ਕਮਿਊਨਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਤੇ ਪੋਸਟ ਪਾ ਕੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਦੇ ਸੁਫ਼ਨੇ ਅਜੇ ਵੀ ਸੱਚ ਨਹੀਂ ਹੋਏ ਹਨ।

ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਵਿਧਾਨਸਭਾ ਦੇ ਸਦਨ ਵਿੱਚ 23 ਮਾਰਚ ਦਾ ਦਿਨ ਸਰਕਾਰੀ ਛੁੱਟੀ ਵਜੋਂ ਐਲਾਨ ਦਿੱਤਾ ਸੀ। ਅੱਜ ਉਨ੍ਹਾਂ ਪਹਿਲਾਂ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਜਾਕੇ ਸ਼ਰਧਾਂਜਲੀ ਭੇਟ ਕੀਤੀ ਤੇ ਫੇਰ ਹੁਸੈਨੀਵਾਲਾ ਪਿੰਡ ਜਾ ਕੇ ਸ਼ਰਧਾ ਦੇ ਫੁੱਲ ਚੜ੍ਹਾਏ। ਇਸ ਦੇ ਨਾਲ ਹੀ ਮੁੱਖਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਸਰਕਾਰ ਵਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਤੇ ਇੱਕ ਮਹੀਨੇ ਵਿੱਚ ਰਿਸ਼ਵਤਖੋਰੀ ਨੂੰ ਨੱਥ ਪਾਉਣ ਦਾ ਅਹਿਦ ਲਿਆ।

ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਨੇ ਆਉਂਦੇ ਹੀ ਰੋਜ਼ਗਾਰ ਨੂੰ ਲੈ ਕੇ ਕੁਛ ਸ਼ੁਰੂਆਤੀ ਫੈਸਲੇ ਲਏ ਹਨ। ਬੇਸ਼ੱਕ ਮੁੱਦਿਆਂ ਦੀ ਲੰਮੀ ਬਣ ਚੁੱਕੀ ਲਿਸਟ ਨੂੰ ਸੁਖਾਲਾ ਕਰਨ ਲਈ ਅਜੇ ਸਮਾਂ ਚਾਹੀਦਾ ਹੈ। ਪਰ ਲੋਕਾਂ ਨੇ ਬਹੁਤ ਹੀ ਆਸਾਂ ਨਾਲ ਇਸ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਸਰਕਾਰ ਵਿੱਚ ਭੇਜਿਆ ਹੈ ਤੇ ਇਸ ਲਈ ਸਰਕਾਰ ਦਾ ਚੁੱਕਿਆ ਹਰੇਕ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਪਣੀ ਵੀ ਪ੍ਰੀਖਿਆ ਕਹਿ ਜਾ ਸਕਦੀ ਹੈ।

Share this Article
Leave a comment