ਸੰਸਾਰ ਸਾਗਰ ਨੂੰ ਪਾਰ ਕਰਨ ਦਾ ਆਸਾਨ ਤਰੀਕਾ
-ਡਾ. ਗੁਰਦੇਵ ਸਿੰਘ
ਸਾਡੇ ਮਨ ਦੇ ਡਰ ਕਿਵੇਂ ਹੋ ਸਕਣਗੇ ਦੂਰ? ਉਹ ਕਿਹੜਾ ਮਾਰਗ ਹੈ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ। ਸਾਡੇ ਕਿਹੜੇ ਯਤਨ ਸਾਰਥਕ ਹਨ ਤੇ ਕਿਨ੍ਹਾਂ ਕੰਮਾਂ ਤੋਂ ਸਾਨੂੰ ਬੱਚਣਾ ਚਾਹੀਦਾ ਹੈ ਇਸ ਸਾਰੇ ਬਾਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਾਰੰਭ ਸ਼ਬਦ ਵਿਚਾਰ ਦੀ ਲੜੀ ਦੇ ਅੰਤਰਗਤ ਅੱਜ ਅਸੀਂ ਨੌਵੇਂ ਮਹਲੇ ਦੀ ਬਾਣੀ ਦਾ ਨੌਵੇਂ ਸ਼ਬਦ ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਦੀ ਵਿਚਾਰ ਕਰਾਂਗੇ। ਇਹ ਸ਼ਬਦ ਗਉੜੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 220 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਸਾਰੇ ਤਰ੍ਹਾਂ ਦੇ ਡਰ ਤੋਂ ਮੁਕਤ ਹੋਣ ਅਤੇ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਆਸਾਨ ਮਾਰਗ ਦਸ ਰਹੇ ਹਨ:
ਗਉੜੀ ਮਹਲਾ ੯ ॥ ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
- Advertisement -
ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ, (ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ।1। ਰਹਾਉ।
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥
(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ। (ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ।
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
- Advertisement -
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ। ਤੈਨੂੰ ਨਾਨਕ ਆਖਦਾ ਹੈ– ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ।2।9। 251।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਇਸ ਸ਼ਬਦ ਦੇ ਰਾਹੀਂ ਕ੍ਰਿਪਾ ਕਰ ਰਹੇ ਹਨ ਕਿ ਹੇ ਭਾਈ ਸੰਸਾਰ ‘ਤੇ ਤਰਸ ਕਰਨ ਵਾਲੇ ਸਰਬ ਕਲਾ ਸੰਪੂਰਨ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਗਾ ਜਿਸ ਦੇ ਗੁਣ ਸਾਰੇ ਧਾਰਮਿਕ ਗ੍ਰੰਥ ਗਾਉਂਦੇ ਹਨ। ਉਸ ਨੂੰ ਹਮੇਸ਼ਾਂ ਮਨ ਵਿੱਚ ਸਿਮਰਦਾ ਰਹਿ ਤੇਰੇ ਸਾਰੇ ਮਨ ਦੇ ਡਰ ਦੂਰ ਹੋ ਜਾਣਗੇ ਤੇ ਇਸ ਸੰਸਾਰ ਸਾਗਰ ਤੋਂ ਵੀ ਪਾਰ ਲੰਘ ਜਾਵੇਗਾ।
ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਦਸਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਜਾਂਦਾ ਹੈ। ਆਪ ਜੀ ਦਾ ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਸੁਝਾਅ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਇਸ ਨਾਲ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥