ਸ਼ਬਦ ਵਿਚਾਰ 175 – ਵਾਰ ਮਾਝ : ਛੇਵੀਂ ਪਉੜੀ ਦੇ ਸਲੋਕ

TeamGlobalPunjab
5 Min Read

ਗੁਰਦੇਵ ਸਿੰਘ (ਡਾ.)

ਖੂਨ ਪੀਣ ਵਾਲੇ ਮਨੁੱਖਾਂ ਨੂੰ ਗੁਰਬਾਣੀ, ਉਦਾਹਰਣਾਂ ਸਹਿਤ ਵਿਸ਼ੇਸ਼ ਉਪਦੇਸ਼ ਕਰਦੀ ਹੈ। ਖੂਨ ਜਿੱਥੇ ਕਪੜੇ ਨੂੰ ਅਜਿਹਾ ਖਰਾਬ ਕਰ ਦਿੰਦਾ ਹੈ ਕਿ ਉਸ ਨੂੰ ਸਾਫ਼ ਕਰਨਾ ਔਖਾ ਹੋ ਜਾਂਦਾ ਹੈ ਉਥੇ ਜੋ ਲੋਕ ਖੂਨ ਪੀਂਦੇ ਹਨ ਉਨ੍ਹਾਂ ਦਾ ਮੁੱਖ, ਉਨ੍ਹਾਂ ਦਾ ਸਰੀਰ, ਉਨ੍ਹਾਂ ਦੀ ਆਤਮਾ ਕਿਵੇਂ ਪਾਵਨ ਹੋ ਸਕਦੀ ਹੈੈ? ਪ੍ਰਭੂ ਦੇ ਨਾਮ ਲਈ ਕਿਹੋ ਜਿਹੀ ਮਤ ਅਤੇ ਕਿਹੋ ਜਿਹੇ ਕਰਮ ਲੋੜੀਂਦੇ ਹਨ? ਸਾਡੇ ਕਿਹੜੇ ਕੰਮ ਕਬੂਲ ਹਨ ਤੇ ਕਿਹੜੇ ਫਜੂਲ ਹਨ ਇਸ ਬਾਰੇ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਛੇਵੀਂ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 140 ‘ਤੇ ਅੰਕਿਤ ਹੈ। ਇਨ੍ਹਾਂ ਸਲੋਕਾਂ ਵਿੱਚ ਗੁਰੂ ਸਾਹਿਬ ਸਾਨੂੰ ਬੁਰੇ ਕੰਮ ਤੋਂ ਵਰਜਦੇ ਹੋਏ ਪ੍ਰਭੂ ਨਾਮ ਜਪਣ ਦੀ ਤਾਕੀਦ ਕਰਦੇ ਹਨ:

ਸਲੋਕੁ ਮਃ ੧ ॥ ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥ 

ਪਦ ਅਰਥ: ਜਾਮਾ = ਕੱਪੜਾ। ਰਤੁ = ਲਹੂ। ਮਾਣਸਾ = ਮਨੁੱਖਾਂ ਦਾ। ਦਿਲਿ ਹਛੇ = ਸਾਫ਼ ਦਿਲ ਨਾਲ। ਮੁਖਿ = ਮੂੰਹੋਂ ਦਿਵਾਜੇ = ਦਿਖਾਵੇ।

- Advertisement -

ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ) , (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ) ? ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ, (ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ।1।

ਮਃ ੧ ॥ ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥ ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ ॥੨॥ 

ਪਦ ਅਰਥ: ਹਉ = ਮੈਂ। ਕਿਆ ਹੋਵਾ = ਕਿਤਨਾ ਕੁਝ ਬਣ ਬਣ ਦਿਖਾਵਾਂ? ਕੀਤਾ ਕਰਣਾ = (ਮੇਰਾ) ਕੰਮ-ਕਾਰ। ਕਹਿਆ ਕਥਨਾ = (ਮੇਰਾ) ਬੋਲ-ਚਾਲ। ਮੁਹਾਏ = ਠਗਾਂਦਾ ਹੈ। ਮੁਹੇ ਮੁਹਿ = ਮੂੰਹ ਉਤੇ, ਮੂੰਹ ਉਤੇ। ਪਾਹਿ = ਪੈਂਦੀਆਂ ਹਨ। ਕਿਹੁ = ਕੁਝ, ਕੋਈ ਆਤਮਕ ਗੁਣ। ਭਰਿ ਭਰਿ = ਭਰੀਜ ਕੇ, ਗੰਦਾ ਹੋ ਕੇ। ਐਸਾ = (ਭਾਵ) ਹਾਸੋ-ਹੀਣਾ।

ਅਰਥ: ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ? ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ = ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ। ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ। ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ। ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ।2।

ਗੁਰੂ ਸਾਹਿਬ ਪਹਿਲੇ ਸਲੋਕ ਵਿੱਚ ਉਪਦੇਸ਼ ਕਰ ਰਹੇ ਹਨ ਕਿ ਮਨ ਵਿੱਚ ਹੋਰਨਾਂ ਪ੍ਰਤੀ ਮੰਦੀ ਭਾਵਨਾ ਰੱਖ ਕੇ, ਹੋਰਨਾਂ ਦਾ ਅਹਿਤ ਕਰਕੇ ਕਦੇ ਵੀ ਪ੍ਰਭੂ ਦੇ ਦਰ ‘ਤੇ ਕਬੂਲ ਨਹੀਂ ਹੋਇਆ ਜਾ ਸਕਦਾ ਹੈ। ਵਿਕਾਰਾਂ ਤੋਂ ਦੂਰ ਰਹਿ ਕੇ ਗੁਰੂ ਦੇ ਸ਼ਰਨ ਪੈ ਕੇ ਨਿਰਮਲ ਪਾਵਨ ਮਨ ਨਾਲ ਹੀ ਉਸ ਪ੍ਰਭੁ ਦੇ ਨਾਮ ਨੂੰ ਜਪਿਆ ਹੋਇਆ ਪ੍ਰਵਾਨ ਹੈ। ਖੂਨ ਦੀ ਉਦਾਹਰਨ ਦੇ ਕੇ ਗੁਰੂ ਸਾਹਿਬ ਸਮਝਾਉਣਾ ਕਰ ਰਹੇ ਹਨ ਜੇ ਖੂਨ ਕਪੜੇ ਨੂੰ ਲੱਗ ਜਾਵੇ ਤਾਂ ਉਹ ਕਪੜਾ ਖਰਾਬ ਹੋ ਜਾਂਦਾ ਹੈ ਅਜਿਹੇ ਵਿੱਚ ਜੋ ਮਨੁੱਖ ਹੋਰਨਾਂ ਦਾ ਲਹੂ ਪੀਂਦੇ ਹਨ ਉਹ ਕਿਵੇਂ ਪਾਵਨ ਰਹਿ ਸਕਦੇ ਹਨ। ਜਿਵੇਂ ਲਹੂ ਕਪੜੇ ਨੂੰ ਖਰਾਬ ਕਰ ਦਿੰਦਾ ਹੈ ਉਸੇ ਤਰ੍ਹਾਂ ਹਰਾਮ ਦੀ ਕਮਾਈ ਦਾ ਲਹੂ ਮਨੁੱਖੀ ਮਨ ਨੂੰ ਦੂਸ਼ਿਤ ਕਰ ਦਿੰਦਾ ਹੈ। ਇਥੇ ਉਨ੍ਹਾਂ ਲੋਕਾਂ ਲਈ ਵੀ ਇੱਕ ਸਵਾਲ ਹੈ ਜੋ ਹੋਰਨਾਂ ਜੀਵਾਂ ਨੂੰ ਮਾਰ ਕੇ ਖਾਂਦੇ ਹਨ, ਕੀ ਉਹ ਖੂਨ ਉਨ੍ਹਾਂ ਦੇ ਸਰੀਰ ਨੂੰ ਖਰਾਬ ਨਹੀਂ ਕਰੇਗਾ? ਦੂਸਰੇ ਸਲੋਕ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਜੋ ਮਨੁੱਖ ਆਪ ਹੀ ਗਿਆਨ ਵਿਹੂਣਾ ਹੈ ਉਹ ਹੋਰਨਾਂ ਨੂੰ ਕੀ ਗਿਆਨ ਦੇ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਛੇਵੀਂ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ।

- Advertisement -

*gurdevsinghdr@gmail.com

Share this Article
Leave a comment