Shabad Vichaar 32-”ਹਰਿ ਜੂ ਰਾਖਿ ਲੇਹੁ ਪਤਿ ਮੇਰੀ॥’’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 32ਵੇਂ ਸ਼ਬਦ ਦੀ ਵਿਚਾਰ – Shabad Vichaar -32

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

 

ਮਰਣਾ ਸੱਚ ਹੈ ਇਸ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਪਰ ਮਰਣ ਤੋਂ ਡਰਣ ਦੀ ਲੋੜ ਨਹੀਂ। ਮੌਤ ਤੋਂ ਭੱਜਿਆ ਨਹੀਂ ਜਾ ਸਕਦਾ। ਇਸ ਲਈ ਮੌਤ ਤੋਂ ਭੱਜਣ ਦੀ ਬਜਾਏ ਗੁਰੂ ਕਿਰਪਾ ਸਦਕਾ ਮਿਲੀ ਸੋਹਣੀ ਜ਼ਿੰਦਗੀ ਦਾ ਅਸਲ ਮਕਸਦ ਪਹਿਚਾਣਨਾ ਚਾਹੀਦਾ ਹੈ। ਇਸ ਦੇ ਲਈ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ ਹੈ। ਗੁਰਬਾਣੀ ਹੀ ਹੈ ਜੋ ਸਾਡਾ ਲੋਕ ਤੇ ਪ੍ਰਲੋਕ ਸਵਾਰ ਸਕਦੀ ਹੈ। ਜੋ ਮਨੁੱਖ ਮੋਹ ਮਾਇਆ ਵਿੱਚ ਫਸ ਕੇ ਵਿਚਰਦਾ ਹੈ। ਉਸ ਨੂੰ ਫਿਰ ਮੌਤ ਦਾ ਡਰ ਸਤਾਉਂਦਾ ਹੈ ਫਿਰ ਉਹ ਇਸ ਡਰ ਨੂੰ ਦੂਰ ਕਰਨ ਲਈ ਬਿਨਾਂ ਸੋਚੇ ਸਮਝੇ ਅਨੇਕ ਔਖੇ ਤੋਂ ਔਖੇ ਉਪਾਵ ਵੀ ਕਰਦਾ ਹੈ ਪਰ ਉਹ ਅਸਲ ਉਪਾਵ ਜੋ ਸਹਿਜ ਤੇ ਅਸਾਨ ਹੈ ਉਸ ਵੱਲ ਗੌਰ ਹੀ ਨਹੀਂ ਕਰਦਾ। ਗੁਰਬਾਣੀ ਸਾਨੂੰ ਅਜਿਹੇ ਮਾਰਗ ‘ਤੇ ਹੀ ਤੁਰਨ ਦੀ ਸੋਝੀ ਬਖਸ਼ਦੀ ਹੈ।

- Advertisement -

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 32ਵੇਂ ਸ਼ਬਦ ‘ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਮੌਤ ਦੇ ਡਰ ਵਿੱਚ ਫਸੇ ਮਨੁੱਖ ਦਾ ਡਰ ਦੂਰ ਕਰਨ ਦਾ ਸਰਲ ਮਾਰਗ ਰੋਸ਼ਨ ਕਰ ਰਹੇ ਹਨ। ਜੈਤਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਦੂਸਰਾ ਸ਼ਬਦ ਹੈ ਜੋ ਕਿ  ਗੁਰੂ ਗ੍ਰੰਥ ਸਾਹਿਬ ਦੇ ਅੰਗ 703 ‘ਤੇ ਅੰਕਿਤ ਹੈ।

ਜੈਤਸਰੀ ਮਹਲਾ ੯ ॥

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥

ਹੇ ਪ੍ਰਭੂ ਜੀ! ਮੇਰੀ ਇੱਜ਼ਤ ਰੱਖ ਲਵੋ। ਮੇਰੇ ਹਿਰਦੇ ਵਿਚ ਮੌਤ ਦਾ ਡਰ ਵੱਸ ਰਿਹਾ ਹੈ, (ਇਸ ਤੋਂ ਬਚਣ ਲਈ) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ।੧।ਰਹਾਉ।

ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥

- Advertisement -

ਹੇ ਪ੍ਰਭੂ! ਮੈਂ ਵੱਡਾ ਵਿਕਾਰੀ ਹਾਂ, ਮੂਰਖ ਹਾਂ, ਲਾਲਚੀ ਭੀ ਹਾਂ, ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ। ਮੈਨੂੰ ਮਰਨ ਦਾ ਡਰ (ਕਿਸੇ ਵੇਲੇ) ਭੁੱਲਦਾ ਨਹੀਂ, ਇਸ (ਮਰਨ) ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ।੧।

ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥

ਹੇ ਭਾਈ! ਮੌਤ ਦੇ ਇਸ ਸਹਿਮ ਤੋਂ) ਖ਼ਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀਲੇ ਕੀਤੇ ਹਨ, ਦਸੀਂ ਪਾਸੀਂ ਉਠ ਉਠ ਕੇ ਦੌੜਿਆ ਹਾਂ। (ਮਾਇਆ ਦੇ ਮੋਹ ਤੋਂ) ਨਿਰਲੇਪ ਪਰਮਾਤਮਾ ਹਿਰਦੇ ਵਿਚ ਹੀ ਵੱਸਦਾ ਹੈ, ਉਸ ਦਾ ਭੇਤ ਮੈਂ ਨਹੀਂ ਸਮਝਿਆ।੨।

ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ 

ਹੇ ਨਾਨਕ! ਆਖ-ਪਰਮਾਤਮਾ ਦੀ ਸਰਨ ਤੋਂ ਬਿਨਾ ਹੋਰ) ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ (ਜੋ ਮੌਤ ਦੇ ਸਹਿਮ ਤੋਂ ਬਚਾ ਲਏ, ਫਿਰ) ਹੁਣ ਕੇਹੜਾ ਕੰਮ ਕੀਤਾ ਜਾਏ? ਹੇ ਪ੍ਰਭੂ! ਹੋਰ ਸਾਧਨਾਂ ਵਲੋਂ) ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ ਮੈਨੂੰ ਮੌਤ ਦੇ ਡਰ ਤੋਂ ਖ਼ਲਾਸੀ ਦਾ ਦਾਨ ਦੇਹ।੩।੨।

ਉਕਤ ਸ਼ਬਦ ਵਿੱਚ ਗੁਰੂ ਜੀ ਸਮਝਾਉਣਾ ਕਰ ਰਹੇ ਹਨ ਕਿ ਹੇ ਭਾਈ ਤੂੰ ਉਸ ਅਕਾਲ ਪੁਰਖ ਹਰੀ ਪ੍ਰਭੂ ਅੱਗੇ ਅਰਦਾਸ ਕਰ ਕਿ ਹੇ ਪ੍ਰਭੂ ਮੈਨੂੰ ਜਮਾਂ ਦਾ ਡਰ ਡਰਾ ਰਿਹਾ ਹੈ। ਇਸ ਡਰ ਨੇ ਮੇਰਾ ਸਰੀਰ ਵੀ ਸਾੜ ਦਿੱਤਾ ਹੈ। ਮੇਰੇ ਅੰਦਰ ਵਿਕਾਰ  ਹੀ ਵਿਕਾਰ ਹਨ, ਮੈਂ ਮੂਰਖ ਤੇ ਲਾਲਚੀ ਭੀ ਹਾਂ ਅਤੇ ਪਾਪ ਕਰ ਕਰ ਕੇ ਥੱਕ ਗਿਆ ਹਾਂ। ਹੁਣ ਮੈਨੂੰ ਮੌਤ ਦਾ ਡਰ ਸਤਾ ਰਿਹਾ ਹੈ। ਇਸ ਤੋਂ ਬਚਣ ਲਈ ਮੈਂ ਅਨੇਕ ਜਪ ਤੇ ਤਪ ਵੀ ਕੀਤੇ ਪਰ ਕੋਈ ਕੰਮ ਨਹੀਂ ਆਇਆ। ਹੁਣ ਮੈਂ ਉਹ ਕਿਹੜਾ ਕੰਮ ਕਰਾਂ ਜਿਸ ਨਾਲ ਇਸ ਡਰ ਤੋਂ ਮੁਕਤ ਹੋ ਸਕਾਂ। ਆਪਣੇ ਅੰਦਰ ਵਸੇ ਸਰਬ ਨਿਵਾਸੀ ਪ੍ਰਭੂ ਨੂੰ ਪਹਿਚਾਣ ਸਕਾ। ਮੈਂ ਤੇਰੀ ਸ਼ਰਣ ਵਿੱਚ ਆਇਆ ਹਾਂ ਮੇਰੀ ਲਾਜ ਰੱਖ ਲਵੋ। ਤੂੰ ਹੀ ਮੈਨੂੰ ਮੌਤ ਦੇ ਡਰ ਤੋਂ ਮੁਕਤ ਕਰ ਸਕਦਾ ਹੈ। ਸੋ ਗੁਰੂ ਦੀ ਸ਼ਰਣ ਦੀ ਸਾਨੂੰ ਇਸ ਡਰ ਤੋਂ ਮੁਕਤ ਕਰ ਸਕਦੀ ਹੈ।

ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 33ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment