Shabad Vichaar 51-ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 51ਵੇਂ ਸ਼ਬਦ ਦੀ ਵਿਚਾਰ – Shabad Vichaar -51

ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਸੰਸਾਰ ਦੇ ਝੂਠੇ ਲੋਭ ਵਿੱਚ ਲੱਗ ਕੇ ਮਨੁੱਖ ਉਸ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਜਿਸ ਨੇ ਉਸ ਨੂੰ ਸਿਰਜਿਆ ਹੈ। ਮਨੁੱਖ ਸੁਪਨੇ ਰੂਪੀ ਸੰਸਾਰ ਨੂੰ ਸੱਚ ਮੰਨੀ ਜਾਂਦਾ ਹੈ ਜਦੋਂ ਕਿ ਜਗਤ ਦੇ ਬਿਨਸਦਿਆਂ ਦੇਰ ਨਹੀਂ ਲੱਗਣੀ। ਗੁਰਬਾਣੀ ਵਾਰ ਵਾਰ ਸਾਨੂੰ ਇਸ ਅਸਲ ਸੱਚ ਤੋਂ ਜਾਣੂ ਕਰਵਾਉਂਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 51ਵੇਂ ਸ਼ਬਦ ‘ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1187 ‘ਤੇ ਰਾਗ ਬਸੰਤ ਅਧੀਨ ਅੰਕਿਤ ਹੈ। ਬਸੰਤ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਕੁੱਲ ਪੰਜ ਸ਼ਬਦ ਹਨ ਇਹ ਨੌਵੇਂ ਗੁਰੂ ਦਾ ਇਸ ਰਾਗ ਵਿੱਚ ਅੰਤਿਮ ਸ਼ਬਦ ਹੈ ਜਿਸ ਵਿੱਚ ਗੁਰੂ ਜੀ ਜਗਤ ਦੇ ਝੂਠੇ ਲੋਭ ਨੂੰ ਤਿਆਗ ਕੇ ਸਮਾਂ ਸੰਭਾਲਣ ਦਾ ਉਪਦੇਸ਼ ਦੇ ਰਹੇ ਹਨ:

- Advertisement -

ਬਸੰਤੁ ਮਹਲਾ ੯ ॥

ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥

ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥

 ਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ? ਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ।1। ਰਹਾਉ।

ਸਮ ਸੁਪਨੈ ਕੈ ਇਹੁ ਜਗੁ ਜਾਨੁ ॥ ਬਿਨਸੈ ਛਿਨ ਮੈ ਸਾਚੀ ਮਾਨੁ ॥੧॥

- Advertisement -

ਹੇ ਭਾਈ! ਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ। ਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ।1।

ਸੰਗਿ ਤੇਰੈ ਹਰਿ ਬਸਤ ਨੀਤ ॥ ਨਿਸ ਬਾਸੁਰ ਭਜੁ ਤਾਹਿ ਮੀਤ ॥੨॥

ਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ। ਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ।2।

ਬਾਰ ਅੰਤ ਕੀ ਹੋਇ ਸਹਾਇ ॥ ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥ 

ਹੇ ਨਾਨਕ! ਆਖ– (ਹੇ ਭਾਈ!) ਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ। ਤੂੰ (ਸਦਾ) ਉਸ ਦੇ ਗੁਣ ਗਾਇਆ ਕਰ।3।5।

ਉਕਤ ਸ਼ਬਦ ਵਿੱਚ ਨੌਵੇਂ ਗੁਰੂ ਸਾਨੂੰ ਸਮਝਾ ਰਹੇ ਹਨ ਕਿ ਅੰਤਿਮ ਸਮੇਂ ਕੇਵਲ ਪ੍ਰਮਾਤਮਾ ਹੀ ਸਹਾਈ ਹੁੰਦਾ ਹੈ। ਤੂੰ ਸੰਸਾਰ ਦੇ ਝੂਠੇ ਲੋਭ ਤੋਂ ਬਾਹਰ ਨਿਕਲ। ਸਮਝ ਜਾ ਅਜੇ ਵੀ ਮੌਕਾ ਹੈ। ਝੂਠੀ ਨੀਂਦ ਵਿੱਚੋਂ ਜਾਗ ਜਾ। ਇਹ ਜਗ ਸੁਪਨੇ ਦੀ ਨਿਆਈ ਹੈ। ਤੂੰ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰ ਜੋ ਹਮੇਸ਼ਾਂ ਤੇਰੇ ਨਾਲ ਵਸਦਾ ਹੈ। ਜੋ ਤੇਰੀ ਪਾਲਣਾ ਕਰਦਾ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 52ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment