Shabad Vichaar 34-”ਮਨ ਰੇ ਸਾਚਾ ਗਹੋ ਬਿਚਾਰਾ ॥’’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 34ਵੇਂ ਸ਼ਬਦ ਦੀ ਵਿਚਾਰ – Shabad Vichaar -34

ਕਹਉ ਕਹਾ ਅਪਨੀ ਅਧਮਾਈ ॥  ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਐਨੀ ਕੁ ਨੀਚਤਾ ਜਿਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਵੇਂ ਪ੍ਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਬਣੇ ਉਸੇ ਤਰ੍ਹਾਂ ਮਨੁੱਖ ਦੀ ਨੀਚਤਾ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹੈ। ਮਨੁੱਖ ਇਸ ਸੰਸਾਰ ਨੂੰ ਅਸਲ ਸਮਝ ਕੇ ਅਸਲ ਤੋਂ ਦੂਰ ਹੋ ਗਿਆ ਹੈ। ਫੋਕੇ ਮਾਇਆ ਦੇ ਰਸ ਵਿੱਚ ਆਪਣੇ ਆਪ ਨੂੰ ਗਲਤਾਨ ਕਰਕੇ ਇਹ ਮਨੁੱਖ ਪਾਲਣਹਾਰੇ ਨੂੰ ਭੁੱਲ ਜਾਂਦਾ ਹੈ। ਗੁਰਬਾਣੀ ਬਾਰ ਬਾਰ ਇਸ ਮਨੁੱਖ ਸੁਚੇਤ ਕਰ ਦੀ ਹੈ ਜੋ ਮਨੁੱਖ ਗੁਰਬਾਣੀ ਦਾ ਅਨੁਸਰਣ ਕਰਕੇ ਆਪਣੇ ਜੀਵਨ ਜੀਉਂਦੇ ਹਨ ਉਹੀ ਉਸ ਦਰਗਹ ਵਿੱਚ ਪ੍ਰਵਾਨ ਹੁੰਦੇ ਹਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 34ਵੇਂ ਸ਼ਬਦ ‘ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਉਚੀ ਆਤਮਕ ਅਵਸਥਾ ਪ੍ਰਾਪਤ ਕਰਨ ਦਾ ਮਾਰਗ ਰੋਸ਼ਨ ਕਰ ਰਹੇ ਹਨ। ਟੋਡੀ ਰਾਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਦਾ ਬਾਹਰਵਾਂ ਰਾਗ ਹੈ। ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਕੇਵਲ ਇੱਕ ਸ਼ਬਦ ਹੀ ਅੰਕਿਤ ਹੈ ਜੋ ਕਿ  ਗੁਰੂ ਗ੍ਰੰਥ ਸਾਹਿਬ ਦੇ ਅੰਗ 718 ‘ਤੇ ਅੰਕਿਤ ਹੈ। ਇਨ੍ਹਾਂ ਰਾਗਾਂ ਸਬੰਧੀ ਹੋਰ ਜਾਣਕਾਰੀ ਲਈ ਐਤਵਾਰ ਨੂੰ ਪ੍ਰਕਾਸ਼ਿਤ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਲੜੀ ਨਾਲ ਜੁੜੋ ਜਿਸ ਵਿੱਚ ਗੁਰਮਤਿ ਸੰਗੀਤ ਅਚਾਰੀਆ ਡਾ. ਗੁਰਨਾਮ ਸਿੰਘ ਦੇ ਰਾਗਾਂ ‘ਤੇ ਆਧਾਰਿਤ ਬਹੁਤ ਖੋਜ ਭਰਪੂਰ ਲੇਖ ਸ਼ਾਮਿਲ ਕੀਤੇ ਜਾਂਦੇ ਹਨ।

- Advertisement -

ਟੋਡੀ ਮਹਲਾ ੯    ੴ ਸਤਿਗੁਰ ਪ੍ਰਸਾਦਿ ॥

ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥

ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ।੧।ਰਹਾਉ।

ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥

ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ। ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ।੧।

- Advertisement -

ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ 

ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ। ਹੇ ਨਾਨਕ! ਆਖ-ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।੨।੧।੩੧।

ਧਨ ਪਦਾਰਥਾਂ ਤੇ ਇਸਤਰੀ ਦੇ ਰਸਾਂ ਵਿੱਚ ਗਲਤਾਨ ਮਨੁੱਖ ਦੀ ਨੀਚਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਪ੍ਰਮਾਤਮਾ ਦੇ ਨਾਮ ਤੋਂ ਇਨਕਾਰੀ ਹੋਇਆ ਬੈਠਾ ਹੈ। ਉਸ ਪ੍ਰਮਾਤਮਾ ਨੂੰ ਮਨੁੱਖ ਕਦੇ ਸਿਮਰਦਾ ਨਹੀਂ ਜੋ ਨਿਮਾਣਿਆ ਦਾ ਮਾਣ ਹੈ ਅਤੇ ਜਿਹੜਾ ਸਦਾ ਸਾਡੇ ਨਾਲ ਖੜਦਾ ਹੈ ਸਗੋਂ ਇਸ ਫਾਨੀ ਸੰਸਾਰ ਨੂੰ ਅਸਲ ਸਮਝ ਕੇ ਉਸ ਵਿੱਚ ਹੀ ਗ੍ਰਸਿਆ ਰਹਿੰਦਾ ਹੈ । ਮਨ ‘ਤੇ ਮੋਹ ਤੇ ਮਾਇਆ ਦੀ ਮੈਲ ਹੋਰ ਦੀ ਹੋਰ ਚੜੀ ਜਾ ਰਹੀ ਹੈ। ਕੇਵਲ ਤੇ ਕੇਵਲ ਗੁਰੂ ਦੀ ਸ਼ਰਣ ਵਿੱਚ ਜਾਣ ਤੇ ਇਹ ਮਨ ਦੀ ਮੈਲ ਦੂਰ ਹੋਵੇਗੀ ਅਤੇ ਉਚੀ ਅਧਿਆਤਮਕ ਅਵਸਥਾ ਪ੍ਰਾਪਤ ਹੋਵੇਗੀ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 35ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share this Article
Leave a comment