Shabad Vichaar 31-”ਭੂਲਿਓ ਮਨੁ ਮਾਇਆ ਉਰਝਾਇਓ ॥’’

TeamGlobalPunjab
4 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 31ਵੇਂ ਸ਼ਬਦ ਦੀ ਵਿਚਾਰ – Shabad Vichaar -31

ਭੂਲਿਓ ਮਨੁ ਮਾਇਆ ਉਰਝਾਇਓ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਸੰਸਾਰ ਵਿੱਚ ਮਨੁੱਖ ਲਾਲਚ ਵਸ ਹੋ ਕੇ ਅਜਿਹੇ ਕਾਰਜ ਕਰਦਾ ਰਹਿੰਦਾ ਹੈ ਜੋ ਉਸ ਨੂੰ ਬਾਅਦ ਵਿੱਚ ਫਿਰ ਤੰਗ ਕਰਦੇ ਹਨ। ਅਜਿਹਾ ਕਰਨ ਦੇ ਨਾਲ ਉਹ ਆਪਣੇ ਸਹੀ ਜੀਵਨ ਰਾਹ ਤੋਂ ਖੁੰਝ ਕੇ ਵਿਸ਼ਿਆਂ ਵਿਕਾਰਾਂ ਵਿੱਚ ਫਸ ਜਾਂਦਾ ਹੈ। ਅਜਿਹੇ ਵਿੱਚ ਮਨੁੱਖ ਕੋਲ ਬਿਨਾਂ ਪਛਤਾਵੇ ਤੋਂ ਹੋਰ ਕੁਝ ਨਹੀਂ ਰਹਿ ਜਾਂਦਾ। ਅਜਿਹੀ ਹਾਲਤ ਵਿੱਚ ਮਨੁੱਖ ਫਿਰ ਇਧਰ ਉਧਰ ਦੌੜਦਾ ਹੈ ਪਰ ਉਹ ਕਾਰਜ ਨਹੀਂ ਕਰਦਾ ਜਿਸ ਨਾਲ ਸਹੀ ਮਾਰਗ ਮਿਲ ਸਕੇ। ਅਜਿਹੇ ਮਨੁੱਖ ਨੂੰ ਗੁਰਬਾਣੀ ਕੀਮਤੀ ਉਪਦੇਸ਼ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 31ਵੇਂ ਸ਼ਬਦ ‘ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਰਤਨ ਰੂਪੀ ਪ੍ਰਭੂ ਦਾ ਨਾਮ ਕਿਥੇ ਤੇ ਕਿਵੇਂ ਮਿਲਦਾ ਹੈ ਉਸ ਦਾ ਉਪਦੇਸ਼ ਦੇ ਰਹੇ ਹਨ। ਜੈਤਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਪਹਿਲਾ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 702 ‘ਤੇ ਅੰਕਿਤ ਹੈ।

ਜੈਤਸਰੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥

ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥

ਹੇ ਭਾਈ! ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ, (ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ।੧।ਰਹਾਉ।

ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥

(ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ। ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ।੧।

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥

ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ। ਹੇ ਦਾਸ ਨਾਨਕ! ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ।੨।੧।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਬਦ ਵਿੱਚ ਅਭੁਲੇ ਮਨੁੱਖਾ ਮਨ ਨੂੰ ਸਹੀ ਮਾਰਗ ਦਰਸਾ ਰਹੇ ਹਨ। ਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਹੇ ਭਾਈ ਇਹ ਮਨ ਮਾਇਆ ਵਸ ਹੋ ਕੇ ਸਹੀ ਮਾਰਗ ਤੋਂ ਖੰਝ ਜਾਂਦਾ ਹੈ ਇਸ ਲਈ ਇਸ ਨੂੰ ਰਤਨ ਰੂਪੀ ਪ੍ਰਮਾਤਮਾ ਦਾ ਨਾਮ ਜੋ ਕਿ ਮਨੁੱਖ ਦੇ ਹਿਰਦੇ ਅੰਦਰ ਹੀ ਹੁੰਦਾ ਹੈ ਉਹ ਨਹੀਂ ਦਿਸਦਾ ਤੇ ਆਪਣਾ ਜੀਵਨ ਵਿਅਰਥ ਹੀ ਗਵਾਈਂ ਜਾਂਦਾ ਹੈ। ਇੱਕ  ਪ੍ਰਮਾਤਮਾ ਦਾ ਨਾਮ ਹੀ ਹੈ ਜੋ ਮਨੁੱਖ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਸਮਰਥ ਹੈ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 32ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*[email protected]

Share This Article
Leave a Comment