ਗੁਰਦੇਵ ਸਿੰਘ (ਡਾ.)
ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਵੀ ਹਨ ਜੋ ਵਿਸ਼ੇਸ਼ ਤਰ੍ਰਾਂ ਦੀ ਵੇਸ਼ ਭੂਸਾ ਬਣਾ ਕੇ ਵਿਚਰਦੇ ਹਨ ਅਤੇ ਸੱਚੇ ਮਾਰਗ ‘ਤੇ ਚੱਲਣ ਦਾ ਢੋਂਗ ਕਰਦੇ ਹਨ। ਉਹ ਆਪਣੇ ਗ੍ਰਹਿਸਤੀ ਜੀਵਨ ਨੂੰ ਤਿਆਗ ਕੇ ਤਿਆਗੀ ਬਨਣ ਦਾ ਵੇਖਾਵਾ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਮਨ ਮਾਇਆ ਦੀ ਗ੍ਰਿਫਤ ਤੋਂ ਮੁਕਤ ਨਹੀਂ ਹੋ ਪਾਉਂਦਾ। ਅਜਿਹੇ ਭੇਖੀ ਮਨੁੱਖਾਂ ਦੀ ਉਦਾਹਰਣ ਦੇ ਕੇ ਗੁਰਬਾਣੀ ਸਾਨੂੰ ਵਿਸ਼ੇਸ਼ ਉਪਦੇਸ਼ ਦਿੰਦੀ ਹੈ। ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪੰਜਵੀਂ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 140 ‘ਤੇ ਅੰਕਿਤ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਆਪਣਾ ਸਕਾਰਥ ਜੀਵਨ ਬਣਾਉਣ ਦਾ ਉਪਦੇਸ਼ ਕਰ ਰਹੇ ਹਨ:
ਪਉੜੀ ॥ ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
ਪਦ ਅਰਥ: ਕੰਦ = ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ। ਕੰਦ ਮੂਲੁ = ਮੂਲੀ। ਵਣ = ਜੰਗਲ। ਵਣਖੰਡਿ = ਜੰਗਲ ਦੇ ਗੋਸ਼ੇ ਵਿਚ। ਛਾਦਨ = ਕੱਪੜਾ। ਆਸਾ = ਲਾਲਸਾ। ਗਿਰਹੀ = ਗ੍ਰਿਹਸਤੀ। ਤ੍ਰਿਬਿਧਿ = ਤਿੰਨ ਕਿਸਮ ਦੀ, ਤ੍ਰਿਗੁਣੀ। ਮਨਸਾ = ਵਾਸਨਾ।
- Advertisement -
ਅਰਥ: ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ। ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ (ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ (ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ। (ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ। ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ। ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ। ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ।5।
ਉਕਤ ਪਉੜੀ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਸੰਨਿਆਸੀ ਬਣਨ ਦਾ ਉਦੋਂ ਕੋਈ ਫਾਇਦਾ ਨਹੀਂ ਜੇ ਮਨ ਵਿੱਚ ਮਾਇਆ ਦੀ ਲਾਲਸਾ ਕਾਇਮ ਰਹੇ। ਉਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਭੇਖ ਦੀ ਨਹੀਂ ਸਗੋਂ ਗੁਰੂ ਦੇ ਦਸੇ ਮਾਗਰ ਨੂੰ ਅਪਨਾਉਣ ਦੀ ਜ਼ਰੂਰਤ ਹੈ। ਜਿਹੜਾ ਮਨੁੱਖ ਗੁਰੂ ਦੇ ਮਾਰਗ ਨੂੰ ਅਪਨਾਉਂਦਾ ਹੈ, ਉਹ ਗ੍ਰਹਿਸਤੀ ਹੋਵੇ ਜਾਂ ਸੰਨਿਆਸੀ ਕੋਈ ਵੀ ਹੋਵੇ ਉਹ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਉਸ ਦੀ ਮਾਇਆ ਦੀ ਲਾਲਸ ਆਪਣੇ ਆਪ ਖਤਮ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਛੇਵੀਂ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ।
*gurdevsinghdr@gmail.com