Shabad Vichaar 26-‘ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 26ਵੇਂ ਸ਼ਬਦ ਦੀ ਵਿਚਾਰ – Shabad Vichaar -26

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਆਖਰੀ ਸਮੇਂ ਵਿੱਚ ਕੌਣ ਸਾਡੇ ਨਾਲ ਖੜੇਗਾ? ਇਹ ਜੋ ਸਾਡੇ ਸੱਚੇ ਦੋਸਤ ਬਣੇ ਹੋਏ ਹਨ, ਮਾਤਾ, ਪਿਤਾ, ਸੁਪਤਨੀ, ਪੁੱਤਰ, ਧੀਆਂ ਜਾਂ ਫਿਰ ਹੋਰ ਕੋਈ ਸਕੇ ਸਨਬੰਧੀ ਆਦਿ ਵਿਚੋਂ ਕੌਣ ਸਾਡਾ ਅੰਤਿਮ ਸਮੇਂ ਸਾਥ ਦੇਵੇਗਾ? ਆਏ ਦਿਨ ਕੋਈ ਨ ਕੋਈ ਅਜਿਹੀ ਘਟਨਾ ਦੇਖਣ ਸੁਣਨ ਨੂੰ ਮਿਲ ਹੀ ਜਾਂਦੀ ਹੈ ਜਿਸ ਵਿੱਚ ਉਕਤ ਇਹ ਸਾਰੇ ਰਿਸ਼ਤੇ ਤਾਰ ਤਾਰ ਹੁੰਦੇ ਰਹਿੰਦੇ ਹਨ। ਕਦੇ ਦੋਸਤ ਨੇ ਤੇ ਕਦੇ ਪੁੱਤਰ ਨੇ ਜਾਂ ਫਿਰ ਕਦੇ ਪਿਤਾ ਨੇ ਹੀ ਵਿਸ਼ਵਾਸ਼ਘਾਤ ਕਰ ਦਿੱਤਾ ਆਦਿ ਅਨੇਕ ਹੋਰ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹੀ ਜਗਤ ਦੀ ਰੀਤ ਬਣ ਚੁੱਕੀ ਹੈ। ਅਜਿਹੇ ਵਿੱਚ ਸਾਨੂੰ ਇਹ ਕਿਵੇਂ ਪਤਾ ਲਗੇਗਾ ਕਿ ਸਾਡਾ ਸੱਚਾ ਮਿੱਤਰ ਜਾਂ ਸਾਥੀ ਕੌਣ ਹੈ? ਧੁਰ ਕੀ ਬਾਣੀ ਇਸ ਸੰਦਰਭ ਵਿੱਚ ਸਾਡੇ ਸਾਰੇ ਸਵਾਲਾਂ ਦਾ ਸਰਲ ਜਵਾਬ ਹੀ ਨਹੀਂ ਦਿੰਦੀ ਹੈ ਸਗੋਂ ਸਾਨੂੰ ਸੱਚੇ ਸਾਥੀ ਨੂੰ ਮਿਲਣ ਦਾ ਮਾਰਗ ਰਾਹ ਵੀ ਰੋਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਸ਼ਬਦ ਵਿਚਾਰ ਦੀ ਲੜੀ ਵਿੱਚ ਅੱਜ ਅਸੀਂ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਨੌਵੇਂ ਮਹਲੇ ਦੀ ਕੁੱਲ ਬਾਣੀ ਦਾ 26ਵਾਂ ਸ਼ਬਦ ਹੈ। ਇਹ ਸ਼ਬਦ ਸੋਰਠਿ ਰਾਗ ਵਿੱਚ ਦਰਜ ਹੈ ਜੋ ਕਿ ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਅਖੀਰਲਾ ਸ਼ਬਦ ਹੈ । ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 634 ‘ਤੇ ਅੰਕਿਤ ਹੈ।ਇਸ ਸ਼ਬਦ ਵਿੱਚ ਗੁਰੂ ਸਾਹਿਬ ਜਗਤ ਵਿੱਚ ਫੈਲੇ ਰਿਸ਼ਤਿਆਂ ਦੇ ਜਾਲ ਦੀ ਸਚਾਈ ਦਾ ਗਿਆਨ ਦੇ ਰਹੇ ਹਨ।

- Advertisement -

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥

ਹੇ ਮਿੱਤਰ! ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ।੧।ਰਹਾਉ।

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥

ਹੇ ਮਿੱਤਰ! ਜਦੋਂ ਮਨੁੱਖ) ! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧।

ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥

- Advertisement -

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ) , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ 

ਹੇ ਨਾਨਕ! ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।

ਸੋ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਿ ਇਹ ਗੱਲ ਪੱਕੀ ਗੰਢ ਬੰਨ ਲਵੋ ਕਿ ਸਾਰਾ ਜਗਤ ਆਪਣਿਆਂ ਸੁੱਖਾਂ ਖਾਤਰ ਹੀ ਇੱਕ ਦੂਸਰੇ ਨਾਲ ਬੱਝਾ ਹੋਇਆ ਹੈ। ਕੋਈ ਅਖੀਰ ਤਕ ਸਾਥ ਨਿਭਾਉਣ ਵਾਲਾ ਸਾਥੀ ਨਹੀਂ ਹੈ। ਇਹ ਜੋ ਆਲੇ ਦੁਆਲੇ ਯਾਰ ਮਿੱਤਰ ਘੁੰਮਦੇ ਨਜ਼ਰੀ ਆ ਰਹੇ ਹਨ ਬਿਪਤਾ ਦੇ ਸਮੇਂ ਸਭ ਸਾਥ ਛੱਡ ਜਾਂਦੇ ਹਨ। ਇਥੋਂ ਤਕ ਜਿਸ ਪਤਨੀ ਨਾਲ ਸਭ ਤੋਂ ਜ਼ਿਆਦਾ ਨੇੜਤਾ ਹੁੰਦੀ ਹੈ ਅਖੀਰ ਉਹ ਵੀ ਸਾਥ ਨਹੀਂ ਦਿੰਦੀ। ਇਹ ਹੀ ਜਗਤ ਦਾ ਰੀਤ ਬਣੀ ਹੋਈ ਹੈ। ਗੁਰੂ ਸਾਹਿਬ ਸੱਚੇ ਸਾਥੀ, ਸੱਚੇ ਮਿੱਤਰ ਬਾਰੇ ਆਖਦੇ ਹਨ ਕਿ ਹੇ ਭਾਈ ਅੰਤਿਮ ਸਮੇਂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਹੋਰ ਕਿਸੇ ਨੇ ਵੀ ਸਾਥ ਨਹੀਂ ਦੇਣਾ। ਇਹ ਗੱਲ ਬਿਲਕੁੱਲ ਪੱਕੀ ਹੈ।

ਅੱਜ ਇਹ ਸੋਰਠਿ ਰਾਗ ਵਿਚਲੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਅੰਤਿਮ ਸ਼ਬਦ ਸੀ। ਕੱਲ ਸ਼ਾਮੀ 6 ਵਜੇ ਧਨਾਸਰੀ ਰਾਗ ਵਿਚ ਅੰਕਿਤ ਨੌਵੇਂ ਮਹਲੇ ਦੀ ਬਾਣੀ ਦੇ ਪਹਿਲੇ ਸ਼ਬਦ ਦੀ ਵਿਚਾਰ ਕਰਾਂਗੇ। ਗਿਆਨੀ ਸਾਹਿਬ ਸਿੰਘ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment