ਇੱਕ ਅਨਾਥ ਇਵੇਂ ਬਣਿਆ ਦੁਨੀਆਂ ਦਾ ਪਾਤਸ਼ਾਹ

TeamGlobalPunjab
4 Min Read

ਜੋ ਕਦੇ ਖੁਦ ਨਿਥਾਵਾ ਸੀ ਉਸ ਦੇ ਦਰ ’ਤੇ ਹਰ ਕਿਸੇ ਨੂੰ ਢੋਈ ਮਿਲੀ, ਜੋ ਕਦੇ ਅਨਾਥ ਹੁੰਦਾ ਸੀ ਉਹ  ਸੁਆਮੀ ਬਣ ਗਿਆ, ਜੋ ਆਪਣੀ ਨਾਨੀ ਅਤੇ ਆਪਣੀ ਭੁੱਖ ਮਿਟਾਉਣ ਲਈ ਘੁੰਗਣੀਆਂ ਵੇਚਦਾ ਸੀ ਅੱਜ ਉਸ ਦੇ ਦਰ ’ਤੇ ਅਜਿਹਾ ਲੰਗਰ ਚੱਲ ਰਿਹਾ ਹੈ  ਕਿ ਜਿਸ ਦੀ ਦੁਨੀਆਂ ’ਚ ਦੂਜੀ ਕੋਈ ਮਿਸਾਲ ਹੀ ਨਹੀਂ, ਜਿੱਥੇ ਹਰ ਰੋਜ਼ ਲੱਖਾਂ ਸੰਗਤਾਂ…


ਇੱਕ ਅਨਾਥ ਇਵੇਂ ਬਣਿਆ ਦੁਨੀਆਂ ਦਾ ਪਾਤਸ਼ਾਹ-

*ਡਾ. ਗੁਰਦੇਵ ਸਿੰਘ

ਸੇਵਾ ਦੀ ਮੂਰਤ, ਨਿਮਾਣਿਆ ਦੇ ਮਾਣ, ਨਿਤਾਣਿਆ ਦੇ ਤਾਣ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਜੋਤੀ ਜੋਤਿ ਦਿਹਾੜਾ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ , ਗੁਰੂ ਨਾਨਕ ਦੇ ਘਰ ਦੀ ਇਲਾਹੀ ਕਲਾ ਦਾ ਪ੍ਰਤੀਕ ਹਨ ਭਾਵ ਜੋ ਕਦੇ ਖੁਦ ਅਨਾਥ ਹੁੰਦੇ ਸਨ ਉਸ ਤੇ ਗੁਰੂ ਨਾਨਕ ਦੇ ਘਰ ਨੇ ਅਜਿਹੀ ਕਲਾ ਵਰਤਾਈ ਕਿ ਉਹ ਅਨਾਥਾਂ ਦੇ ਨਾਥ ਬਣ ਗਏ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ 24 ਸਤੰਬਰ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਦਇਆ ਦੀ ਕੁਖੋਂ ਪਿਤਾ ਹਰੀਦਾਸ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਆਪ ਦਾ ਬਚਪਨ ਦਾ ਨਾਮ ਜੇਠਾ ਸੀ। ਛੇ ਕੁ ਵਰਿਆਂ ਦੀ ਆਯੂ ਵਿੱਚ ਹੀ ਪਹਿਲਾਂ ਮਾਤਾ ਤੇ ਫਿਰ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਆਪ ਅਨਾਥ ਹੋ ਗਏ। ਫਿਰ ਆਪ ਆਪਣੀ ਦੇ ਨਾਨੀ ਜੀ ਕੋਲ, ਨਾਨਕੇ ਪਿੰਡ ਬਾਸਰਕੇ ਆ ਗਏ ਜਿਥੇ ਆਪ ਦਾ ਬਚਪਨ ਗੁਜਰਿਆ। ਬੇਸ਼ੱਕ ਆਰਥਿਕ ਤੰਗੀ ਦੇ ਬਾਵਜੂਦ ਨਾਨੀ ਵਲੋਂ ਆਪ ਜੀ ਦਾ ਪੂਰਾ ਖਿਆਲ ਰੱਖਿਆ ਗਿਆ ਪਰ ਮਾਤਾ ਪਿਤਾ ਦੇ ਉਸ ਪਿਆਰ ਤੋਂ ਆਪ ਵਾਂਝੇ ਰਹੇ ਜਿਸ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਆਪ ਨਾਨਕੇ ਪਿੰਡ ਰਹਿ ਕੇ ਘੁੰਗਣੀਆਂ ਵੇਚਦੇ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ। ਆਪ ਖੁਦ ਬਾਣੀ ਵਿੱਚ ਫੁਰਮਾਉਂਦੇ ਨੇ:

- Advertisement -

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 167)

12 ਵਰਿਆਂ ਦੀ ਆਯੂ ਵਿੱਚ ਆਪ ਗੋਇੰਦਵਾਲ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਅਜਿਹੇ ਜਾਂਦੇ ਨੇ ਕਿ ਗੁਰੂ ਦੇ ਹੀ ਹੋ ਕੇ ਰਹਿ ਜਾਂਦੇ। ਬਸ ਫਿਰ ਕੀ ਸੀ ਗੁਰੂ ਦੀ ਸੇਵਾ ਵਿੱਚ ਅਜਿਹੇ ਜੁੜੇ ਕਿ ਜੇਠੇ ਤੋਂ ਰਾਮਦਾਸ ਬਣ ਗਏ। ਐਸੀ ਕਲਾ ਵਾਪਰੀ ਕਿ ਕਾਇਆ ਕਲਪ ਹੀ ਹੋ ਗਈ। ਗੁਰੂ ਅਮਰਦਾਸ ਦੀ ਅਜਿਹੀ ਕਿਰਪਾ ਹੋਈ ਕਿ ਜੋ ਕਦੇ ਖੁਦ ਨਿਥਾਵਾ ਸੀ ਉਸ ਦੇ ਦਰ ’ਤੇ ਹਰ ਕਿਸੇ ਨੂੰ ਢੋਈ ਮਿਲੀ, ਜੋ ਕਦੇ ਅਨਾਥ ਹੁੰਦਾ ਸੀ ਉਹ ਹੁਣ ਸੁਆਮੀ ਬਣ ਗਿਆ, ਜੋ ਆਪਣੀ ਨਾਨੀ ਅਤੇ ਆਪਣੀ ਭੁੱਖ ਮਿਟਾਉਣ ਲਈ ਘੁੰਗਣੀਆਂ ਵੇਚਦਾ ਸੀ ਅੱਜ ਉਸ ਦੇ ਦਰ ’ਤੇ ਅਜਿਹਾ ਲੰਗਰ ਚੱਲ ਰਿਹਾ ਹੈ ਜਿਸ ਦੀ ਦੁਨੀਆਂ ’ਚ ਦੂਜੀ ਕੋਈ ਮਿਸਾਲ ਹੀ ਨਹੀਂ, ਜਿੱਥੇ ਹਰ ਰੋਜ਼ ਲੱਖਾਂ ਸੰਗਤਾਂ ਲੰਗਰ ਛੱਕਦੀਆਂ ਹਨ।

ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਨਾਲ ਆਪ ਦਾ ਵਿਆਹ ਹੋਇਆ ਤੇ ਆਪ ਜੀ ਦੇ ਗ੍ਰਹਿ ਤਿੰਨ ਸਪੁੱਤਰ ਪ੍ਰਿਥੀਚੰਦ, ਮਹਾਦੇਵ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ। ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ ਪੁਰ ਦੀ ਨੀਂਹ ਰੱਖੀ ਤੇ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਵਾਈ ਜਿਥੇ ਸਭ ਦੇ ਦੁੱਖ ਦੂਰ ਹੋ ਜਾਂਦੇ ਨੇ।

- Advertisement -

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥

ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥  (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 625)

ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖੀ ਨੂੰ ਪ੍ਰਫੁੱਲਤ ਕਰਦਿਆਂ ਚਾਰ ਲਾਵਾਂ ਸਮੇਤ 30 ਰਾਗਾਂ ਵਿੱਚ ਬਾਣੀ ਰਚੀ। ਆਪ ਸਤੰਬਰ 1581 ਈਸਵੀ ਵਿੱਚ ਆਪਣੇ ਸਭ ਤੋਂ ਛੋਟੇ ਸਪੁੱਤਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਅਕਾਲ ਜੋਤਿ ਵਿੱਚ ਲੀਨ ਹੋ ਗਏ। ਸੋ ਸੇਵਾ ਸਿਮਰਨ ਦੀ ਮਹਾਨ ਮੂਰਤ, ਅਨਾਥਾਂ ਦੇ ਨਾਥ, ਨਿਆਸਰਿਆਂ ਦੇ ਆਸਰੇ, ਰਾਮਦਾਸ ਸਰੋਵਰ ਦੇ ਨਿਰਮਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਮਹਾਨ ਮਹਾਨ ਸ਼ਖਸ਼ੀਅਤ ਨੂੰ ਕੋਟਿ ਕੋਟਿ ਪ੍ਰਣਾਮ ।

*gurdevsinghdr@gmail.com

Share this Article
Leave a comment