ਸ਼ਬਦ ਵਿਚਾਰ 78 – ਜਪੁ ਜੀ ਸਾਹਿਬ – ਪਉੜੀ 2

TeamGlobalPunjab
3 Min Read

ਸ਼ਬਦ ਵਿਚਾਰ – 78

ਜਪੁ ਜੀ ਸਾਹਿਬ – ਪਉੜੀ 2

ਡਾ. ਗੁਰਦੇਵ ਸਿੰਘ*

ਸਭ ਕੁਝ ਹੁਕਮ ਦਾ ਬੱਝਾ ਹੈ। ਉਸ ਦੇ ਹੁਕਮ ਦੇ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਦੇ ਵਿੱਚ ਮਨੁੱਖ ਜੰਮਦਾ ਹੈ, ਮਰਦਾ ਹੈ, ਦੁੱਖ-ਸੁੱਖ ਭੋਗਦਾ ਹੈ। ਉਸ ਦਾ ਹੁਕਮ ਬਲਵਾਨ ਹੈ। ਸ਼ਬਦ ਵਿਚਾਰ ਲੜੀ ਅਧੀਨ ਅੱਜ ਅਸੀਂ ਜਪੁਜੀ ਸਾਹਿਬ ਦੀ ਦੂਜੀ ਪਉੜੀ ਦੀ ਵਿਚਾਰ ਕਰਾਂਗੇ। ਇਸ ਪਉੜੀ ਵਿੱਚ ਗੁਰੂ ਸਾਹਿਬ ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਦਾ ਉਪਦੇਸ਼ ਦੇ ਰਹੇ ਹਨ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

- Advertisement -

ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ‘ਤੇ) ਸ਼ੋਭਾ ਮਿਲਦੀ ਹੈ।

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ।2।

- Advertisement -

ਜਪੁਜੀ ਸਾਹਿਬ ਦੀ ਇਸ ਦੂਜੀ ਪਉੜੀ ਵਿੱਚ ਗੁਰੂ ਸਾਹਿਬ ਪ੍ਰਭੂ ਦੇ ਹੁਕਮ ਨੂੰ ਸਮਝਾ ਰਹੇ ਹਨ ਕਿ ਉਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਸਭ ਕੁਝ ਉਸ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਉਸ ਦੇ ਮਹਾਨ ਤੇ ਵੱਡੇ ਹੁਕਮ ਦੇ ਸਰੂਪ ਨੂੰ ਬਿਆਨ ਨਹੀਂ ਜਾ ਸਕਦਾ ਹੈ। ਸਾਨੂੰ ਉਸ ਦੇ ਹੁਕਮ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਜਪੁਜੀ ਸਾਹਿਬ ਦੀ ਤੀਜੀ ਪਉੜੀ ਦੀ ਵਿਚਾਰ ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Share this Article
Leave a comment