ਸ਼ਬਦ ਵਿਚਾਰ 173 -ਵਾਰ ਮਾਝ : ਪਉੜੀ ਪੰਜਵੀਂ ਦੇ ਸਲੋਕ

TeamGlobalPunjab
5 Min Read

*ਡਾ. ਗੁਰਦੇਵ ਸਿੰਘ

ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਮਨੁੱਖ ਹੁੰਦੇ ਹਨ ਜੋ ਹਮੇਸ਼ਾਂ ਮੂੰਹੋਂ ਤਾਂ ਚੰਗਾ ਆਖਦੇ ਨੇ ਪਰ ਅੰਦਰੋਂ ਉਹ ਬਿਲਕੁੱਲ ਉਲਟ ਹੁੰਦੇ ਹਨ। ਹੋਰਨਾਂ ਨੂੰ ਉਹ ਨੇਕ ਕੰਮ ਕਰਨ ਦੀ ਸਲਾਹ ਦਿੰਦੇ ਹਨ ਪਰ ਆਪਣੇ ਕਰਮ ਉਨ੍ਹਾਂ ਦੇ ਬਿਲਕੁੱਲ ਉਲਟ ਹੁੰਦੇ ਹਨ। ਅਜਿਹੇ ਮਨੁੱਖਾਂ ਦੀ ਬਾਅਦ ਵਿੱਚ ਜੋ ਅਵਸਥਾ ਹੁੰਦੀ ਹੈ ਉਸ ਦਾ ਗੁਰੂ ਸਾਹਿਬ ਗੁਰਬਾਣੀ ਜ਼ਿਕਰ ਕਰਦੇ ਹਨ। ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪੰਜਵੀਂ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 140 ‘ਤੇ ਅੰਕਿਤ ਹਨ। ਇਸ ਪਉੜੀ ਦੇ ਦੋ ਸਲੋਕ ਹਨ ਪਹਿਲੇ ਸਲੋਕ ਵਿੱਚ ਉਨ੍ਹਾਂ ਮਨੁੱਖਾਂ ਦੀ ਮਨੋ ਅਵਸਥਾ ਬਾਰੇ ਉਪਦੇਸ਼ ਦਿੱਤਾ ਗਿਆ ਹੈ ਜੋ ਮੂੰਹੋਂ ਚੰਗਾ ਬੋਲਦੇ ਹਨ ਤੇ ਅੰਦਰ ਉਨ੍ਹਾਂ ਦੇ ਮੰਦਾ ਹੀ ਹੁੰਦਾ ਹੈ, ਕੂੜ ਹੀ ਹੁੰਦਾ ਹੈ। ਦੂਸਰੇ ਸਲੋਕ ਵਿੱਚ ਗੁਰੂ ਸਾਹਿਬ ਅਜਿਹੇ ਮਨੁੱਖ ਦੀ ਗੱਲ ਕਰਦੇ ਹਨ ਜੋ ਗੁਰੂ ਦੇ ਮਾਰਗ ‘ਤੇ ਚਲਦੇ ਹਨ। ਮਨਮੁਖ ਤੇ ਗੁਰਮੁਖ ਦੋਵੇਂ ਤਰ੍ਹਾਂ ਦੇ ਮਨੁੱਖਾਂ ਦੀ ਮਨੋ ਅਵਸਥਾ ਨੂੰ ਇਨ੍ਹਾਂ ਸਲੋਕਾਂ ਰਾਹੀਂ ਦਰਸਾ ਗੁਰੂ ਸਾਹਿਬ ਸਾਨੂੰ ਵਿਸ਼ੇਸ਼ ਉਪਦੇਸ਼ ਦੇ ਰਹੇ ਹਨ:

ਸਲੋਕੁ ਮਃ ੧ ॥ ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥ ਮੁਠਾ ਆਪਿ ਮੁਹਾਏ ਸਾਥੈ ॥ ਨਾਨਕ ਐਸਾ ਆਗੂ ਜਾਪੈ ॥੧॥ 

ਪਦ ਅਰਥ: ਮੁਰਦਾਰੁ = ਹਰਾਮ, ਪਰਾਇਆ ਹੱਕ। ਮੁਠਾ = ਠੱਗਿਆ। ਮੁਹਾਏ = ਲੁਟਾਂਦਾ ਹੈ, ਠਗਾਂਦਾ ਹੈ। ਸਾਥੈ = ਸਾਥ ਨੂੰ। ਜਾਪੈ = ਜਾਪਦਾ ਹੈ,। ਉੱਘੜਦਾ ਹੈ।

- Advertisement -

ਅਰਥ: (ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ) , ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।1।

ਮਹਲਾ ੪ ॥ ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥ ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥ ਜੇ ਅਗੈ ਤੀਰਥੁ ਹੋਇ ਤਾ ਮਲੁ ਲਹੈ ਛਪੜਿ ਨਾਤੈ ਸਗਵੀ ਮਲੁ ਲਾਏ ॥ ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ ॥ ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥੨॥

ਪਦ ਅਰਥ: ਮੁਖਿ = ਮੂੰਹੋਂ। ਅਲਾਏ = ਬੋਲਦਾ ਹੈ। ਮਾਰਗਿ = ਰਸਤੇ ਉੱਤੇ। ਤੀਰਥੁ = ਖੁਲ੍ਹੇ ਸਾਫ਼ ਪਾਣੀ ਦਾ ਸੋਮਾ, ਦਰਿਆ ਦਾ ਸਾਫ਼ ਖੁਲ੍ਹਾ ਪਾਣੀ। ਛਪੜਿ = ਛੱਪੜ ਵਿਚ। ਸਗਵੀ = ਸਗੋਂ ਹੋਰ। ਅਨਦਿਨੁ = ਹਰ ਰੋਜ਼, ਹਰ ਵੇਲੇ।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ, ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ  ਤੋਰਦਾ ਹੈ। (ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ। (ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ) , ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ, ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ। ਹੇ ਦਾਸ ਨਾਨਕ! (ਆਖ– ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ।2।

ਪਹਿਲੇ ਸਲੋਕ ਵਿੱਚ ਗੁਰੂ ਸਾਹਿਬ ਮਨਮੁਖ ਜੋ  ਝੂਠ ਬੋਲ ਕੇ ਦੂਜਿਆਂ ਦਾ ਹੱਕ ਖਾਂਦੇ ਹਨ ਅਤੇ ਹੋਰਨਾਂ ਨੂੰ ਅਜਿਹਾ ਨਾ ਕਰਨ ਦੀ ਸਿੱਖਿਆ ਦਿੰਦੇ ਹਨ। ਅਜਿਹੇ ਮਨੁੱਖ ਆਪ ਤਾਂ ਡੁੱਬਦੇ ਹੀ ਹਨ ਸਗੋਂ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਡੋਬ ਲੈਂਦੇ ਹਨ। ਦੂਸਰੇ ਸਲੋਕ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਜੋ ਮਨੁੱਖ ਗੁੁਰੂ ਦੇ ਮਾਰਗ ‘ਤੇ ਚੱਲਦੇ ਹਨ ਉਹ ਜਿਥੇ ਆਪ ਸੰਸਾਰ ਸਾਗਰ ਤਰ ਜਾਂਦੇ ਹਨ ਉਥੇ ਉਹ ਆਪਣੇ ਨਾਲ ਆਪਣੇ ਸਾਥੀਆਂ ਨੂੰ ਵੀ ਤਾਰ ਲੈਂਦੇ ਹਨ। ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੀ ਅਗਲੇਰੀ ਲੜੀ ਵਿੱਚ ਮਾਝ ਵਾਰ ਦੀ ਪੰਜਵੀਂ ਪਉੜੀ ਦੀ ਵਿਚਾਰ ਕਰਾਂਗੇ।

- Advertisement -

*gurdevsinghdr@gmail.com

Share this Article
Leave a comment