ਬੰਗਲਾਦੇਸ਼ ਹਿੰਸਾ: ਵਿਦੇਸ਼ ਮੰਤਰੀ ਨੇ ਕਿਹਾ-ਕਿਸੇ ਨਾਲ ਬਲਾਤਕਾਰ ਨਹੀਂ ਹੋਇਆ, ਮੰਦਰ ਵੀ ਨਹੀਂ ਤੋੜੇ ਗਏ; ਸਿਰਫ਼ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ

TeamGlobalPunjab
2 Min Read

ਬੰਗਲਾਦੇਸ਼: ਹਾਲ ਹੀ ਦੇ ਸਮੇਂ ਵਿਚ ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਮੰਦਰਾਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਪੱਥਰਬਾਜ਼ੀ ਅਤੇ ਪੂਜਾ ਪੰਡਾਲਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਈ ਵੀਡੀਓਜ਼  ਸਾਹਮਣੇ ਆਈਆਂ ਹਨ। ਹੁਣ ਇਸ ‘ਤੇ ਬੰਗਲਾਦੇਸ਼ ਸਰਕਾਰ ਦਾ ਸਪੱਸ਼ਟੀਕਰਨ ਆਇਆ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾਕਟਰ ਏ ਕੇ ਅਬਦੁਲ ਮੋਮੇਨ ਨੇ ਪ੍ਰਚਾਰ ਦੇ ਉਲਟ ਕਿਹਾ, ਹਾਲੀਆ ਹਿੰਸਾ ਵਿੱਚ ਸਿਰਫ਼ 6 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ 4 ਮੁਸਲਮਾਨ ਵੀ ਸਨ, ਜਿਨ੍ਹਾਂ ਦੀ ਪੁਲਿਸ ਨਾਲ ਝੜਪ ਵਿਚ ਮੌਤ ਹੋ ਗਈ ਸੀ। ਅਬਦੁਲ ਮੋਮੇਨ ਨੇ ਕਿਹਾ ਹੈ ਕਿ ਕਿਸੇ ਨਾਲ ਬਲਾਤਕਾਰ ਨਹੀਂ ਹੋਇਆ ਅਤੇ ਇਕ ਵੀ ਮੰਦਰ ਨੂੰ ਤਬਾਹ ਨਹੀਂ ਕੀਤਾ ਗਿਆ। ਹਾਲਾਂਕਿ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਅਤੇ ਹਿੰਸਾ ਕੀਤੀ ਗਈ ਹੈ ਜੋ ਮੰਦਭਾਗੀ ਸੀ ਅਤੇ ਨਹੀਂ ਹੋਣੀ ਚਾਹੀਦੀ ਸੀ।

ਸਰਕਾਰ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਉਹ ਪੁਲਿਸ ਦੀ ਹਿਰਾਸਤ ਵਿਚ ਹਨ। ਵਿਦੇਸ਼ ਮੰਤਰੀ ਨੇ ਮੀਡੀਆ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼ੇਖ ਹਸੀਨਾ ਸਰਕਾਰ ਨੂੰ ਸ਼ਰਮਸਾਰ ਕਰਨ ਲਈ ਹਿੰਸਾ ਬਾਰੇ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ। ਉਨ੍ਹਾਂ ਕਿਹਾ ਹੈ ਕਿ ਅਸੀਂ ਦੁਰਗਾ ਪੂਜਾ ਦੇ ਜਸ਼ਨਾਂ ਦੌਰਾਨ ਹੋਈ ਫਿਰਕੂ ਹਿੰਸਾ ਦੀ ਜਾਂਚ ਕਰ ਰਹੇ ਹਾਂ। ਅਸੀਂ ਹਰ ਗੁਨਾਹਗਾਰ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੇ ਹਾਂ। ਇਸ ਘਟਨਾ ‘ਚ 20 ਘਰ ਸੜ ਗਏ ਸਨ, ਉਨ੍ਹਾਂ ਨੂੰ ਦੁਬਾਰਾ ਬਣਾਇਆ ਗਿਆ ਹੈ ਅਤੇ ਮੁਆਵਜ਼ਾ ਵੀ ਦਿੱਤਾ ਗਿਆ ਹੈ। ਹੁਣ ਹੋਰ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਥਿਤ ਤੌਰ ‘ਤੇ ਇੱਕ ਨਸ਼ੇੜੀ ਨੇ ਪਵਿੱਤਰ ਕੁਰਾਨ ਨੂੰ ਦੇਵੀ ਦੁਰਗਾ ਦੇ ਚਰਨਾਂ ਵਿੱਚ ਛੱਡ ਦਿੱਤਾ, ਜਦੋਂ ਉੱਥੇ ਕੋਈ ਹੋਰ ਸ਼ਰਧਾਲੂ ਅਤੇ ਪੂਜਾ-ਪਾਠ ਦੇ ਪ੍ਰਬੰਧਕ ਮੌਜੂਦ ਨਹੀਂ ਸਨ। ਇਕ ਹੋਰ ਵਿਅਕਤੀ ਨੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਤਸਵੀਰ ਤੋਂ ਬਾਅਦ ਦੇਸ਼ ‘ਚ ਰੋਸ ਫੈਲ ਗਿਆ।

ਹਿੰਦੂਆਂ ‘ਤੇ ਹਮਲਿਆਂ ਦੇ ਸਬੰਧ ‘ਚ ਦੇਸ਼ ‘ਚ ਘੱਟੋ-ਘੱਟ 71 ਮਾਮਲੇ ਦਰਜ ਕੀਤੇ ਗਏ ਹਨ ਅਤੇ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਲਈ 450 ਦੇ ਕਰੀਬ ਗ੍ਰਿਫਤਾਰ ਕੀਤੇ ਗਏ ਹਨ।

Share this Article
Leave a comment