43 ਨੌਜਵਾਨ ਤਿਹਾੜ ਜੇਲ੍ਹ ‘ਚ ਬੰਦ, 163 ਪੁਲਿਸ ਹਿਰਾਸਤ ‘ਚ ਤੇ ਕਈ ਲਾਪਤਾ: ਸੰਯੁਕਤ ਮੋਰਚਾ

TeamGlobalPunjab
2 Min Read

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨ ਪਰੇਡ ਦੌਰਾਨ ਦਿੱਲੀ ‘ਚ ਫੈਲੀ ਹਿੰਸਾ ਤੋਂ ਬਾਅਦ ਕਈ ਨੌਜਵਾਨ ਤੇ ਬਜ਼ੁਰਗ ਲਾਪਤਾ ਹਨ। ਜਿਹਨਾਂ ਦੀ ਭਾਲ ਹਾਲੇ ਤਕ ਜਾਰੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹਨਾਂ ਲਾਪਤਾ ਨੌਜਵਾਨ, ਬਜ਼ੁਰਗਾਂ ਦੀ ਭਾਲ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ਦੀ ਅਗਵਾਈ ਰਾਜਿੰਦਰ ਸਿੰਘ ਕਰਨਗੇ।

ਰਾਜਿੰਦਰ ਸਿੰਘ ਹੀ ਮੁਫ਼ਤ ‘ਚ ਕਾਨੂੰਨੀ ਲੜਾਈ ਲੜਨ ਦਾ ਪ੍ਰਬੰਧ ਕਰਨਗੇ। ਇਸ ਤੋਂ ਇਲਾਵਾ ਕਿਸਾਨ ਲੀਡਰਾਂ ਨੇ ਕਿਹਾ ਕਿ ਲਾਪਤਾ ਲੋਕਾਂ ਨੂੰ ਲੱਭਣ ਲਈ ਨਾਂ ਤਾਂ ਦਿੱਲੀ ਪੁਲਿਸ ਸਾਡੀ ਮਦਦ ਕਰ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਸਾਡੀ ਗੱਲ ਸੁਣ ਰਹੀ ਹੈ। ਕਿਸਾਨਾਂ ਨੇ ਦਾਅਵਾ ਕੀਤਾ ਕਿ ਅਸੀਂ ਆਪਣੀ ਪੜਤਾਲ ਦੋਰਾਨ ਪਾਇਆ ਹੈ ਕਿ 163 ਲੋਕ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹਨ। 43 ਦੇ ਕਰੀਬ ਨੌਜਵਾਨਾਂ ਨੂੰ ਤਿਹਾੜ ਜੇਲ੍ਹ ‘ਚ ਬੰਦ ਕੀਤਾ ਗਿਆ ਹੈ। ਜਿਹਨਾਂ ਦੀ ਜ਼ਮਾਨਤ ਲਈ ਸੰਯੁਕਤ ਕਿਸਾਨ ਮੋਰਚਾ ਅੱਗੇ ਆਵੇਗਾ।

ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਜੇਕਰ ਸਰਕਾਰ ਨੇ ਅੰਦੋਲਨ ਪ੍ਰਤੀ ਅਜਿਹਾ ਹੀ ਰਵੱਈਆ ਰੱਖਿਆ ਤਾਂ ਆਉਣ ਵਾਲੇ ਦਿਨਾਂ ‘ਚ ਵੱਡੀ ਰਣਨੀਤੀ ਘੜੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਲੋਕ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਕੇਂਦਰ ਨਾਲ ਮੀਟਿੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਪਹਿਲਾਂ ਮੋਰਚੇ ‘ਤੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾਵੇ ਅਤੇ ਇੰਟਰਨੈੱਟ ਨੂੰ ਬਹਾਲ ਕੀਤਾ ਜਾਵੇ।

Share this Article
Leave a comment