ਬਰੈਂਪਟਨ : ਪਿਛਲੇ ਦਿਨੀਂ ਬਰੈਂਪਟਨ ਦੇ ਹਿੰਦੂ ਮੰਦਿਰ ਅੱਗੇ ਪ੍ਰਦਰਸ਼ਨ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਹੁਣ ਬਰੈਂਪਟਨ ਦੀ ਸਿਟੀ ਕੌਂਸਲ ਵੱਲੋਂ ਧਾਰਮਿਕ ਸਥਾਨਾਂ ਅੱਗੇ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਰੈਂਪਟਨ ਅਤੇ ਮਿਸੀਸਾਗਾ ਵਿਖੇ ਧਾਰਮਿਕ ਥਾਵਾਂ ਦੇ 100 ਮੀਟਰ ਦੇ ਘੇਰੇ ‘ਚ ਕੋਈ ਰੋਸ ਵਿਖਾਵਾ ਨਹੀਂ ਕੀਤਾ ਜਾ ਸਕੇਗਾ ਅਤੇ ਅਜਿਹਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਦੇ ਹਨ। 16 ਅਤੇ17 ਨਵੰਬਰ ਨੂੰ ਦੋਹਾਂ ਸ਼ਹਿਰਾਂ ਵਿਚ ਮੰਦਿਰਾਂ ਦੇ ਬਾਹਰ ਰੋਸ ਵਿਖਾਵੇ ਦਾ ਐਲਾਨ ਸਾਹਮਣੇ ਆਉਣ ਮਗਰੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਮਿਸੀਸਾਗਾ ਦੀ ਮੇਅਰ ਕੈਰੋਲਿਨ ਪੈਰਿਸ਼ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਇਹ ਮਤਾ ਸਿਟੀ ਕੌਂਸਲ ’ਚ ਬਰੈਂਪਟਨ ਦੇ ਮੇਅਰ ਵੱਲੋਂ ਲਿਆਂਦਾ ਗਿਆ। ਇਸ ਮਤੇ ਅਨੁਸਾਰ ਹਰ ਇਕ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਦੂਜੇ ਪਾਸੇ ਸੇਫਟੀ ਵੀ ਜ਼ਰੂਰੀ ਹੈ। ਦੂਜੇ ਪਾਸੇ ਮਿਸੀਸਾਗਾ ਸਿਟੀ ਕੌਂਸਲ ਦੀ ਮੀਟਿੰਗ ਵਿਚ ਕੌਂਸਲਰ ਦੀਪਿਕ ਦਮੇਰਲਾ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਅਤੇ ਕੌਂਸਲਰ ਨੈਟਲੀ ਹਾਰਟ ਵੱਲੋਂ ਇਸ ਦੀ ਤਾਈਦ ਕੀਤੀ ਗਈ। ਫਿਲਹਾਲ ਇਹ ਰਿਪੋਰਟ ਭਾਰਤੀ ਮੀਡੀਆ ਵਿਚ ਪ੍ਰਕਾਸ਼ਿਤ ਹੋਈ ਹੈ ਅਤੇ ਕੈਨੇਡੀਅਨ ਮੀਡੀਆ ਵੱਲੋਂ ਇਸ ਬਾਰੇ ਖੁਲਾਸਾ ਕੀਤਾ ਜਾਣਾ ਬਾਕੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।