ਫ਼ਤਹਿਗੜ੍ਹ ਚੂੜੀਆਂ: ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇ ਪੰਜਾਬੀਆਂ ਦੀ ਗਲਤੀ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਹੋਂਦ ਨੂੰ ਖਤਰਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਪੰਜਾਬ ਉੱਤੇ ਰਾਜ ਕਰਨ ਦੇ ਸੁਪਨੇ ਦੇਖ ਰਹੇ ਅਰਵਿੰਦ ਕੇਜਰੀਵਾਲ ਨੂੰ ਨਾ ਪੰਜਾਬੀ ਬੋਲਣੀ ਆਉਂਦੀ ਹੈ ਅਤੇ ਨਾ ਉਸਨੂੰ ਪੰਜਾਬੀਅਤ ਨਾਲ ਕੋਈ ਮੋਹ ਹੈ।
ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਰ.ਐੱਸ.ਐੱਸ. ਦੇ ਉਸ ਦਸਤੇ ਦਾ ਮੁਖੀ ਹੈ ਜਿਸਦਾ ਮਕਸਦ ਸੂਖਮ ਚਾਲਾਂ ਰਾਹੀਂ ਘੱਟ ਗਿਣਤੀਆਂ ਦੀ ਵੱਖਰੀ ਪਛਾਣ ਅਤੇ ਸੱਭਿਆਚਾਰ ਨੂੰ ਖੋਰਾ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਮੇਤ ਉਨ੍ਹਾਂ ਸੂਬਿਆਂ ਵਿੱਚ ਆਪਣੀਆਂ ਸਮਾਜ ਵਿਰੋਧੀ ਨੀਤੀਆਂ ਨੂੰ ਅਰਵਿੰਦ ਕੇਜਰੀਵਾਲ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ ਜਿਹੜੇ ਸੂਬਿਆਂ ਵਿੱਚ ਉਹ ਆਪ ਸਤਾ ਵਿੱਚ ਨਹੀਂ ਆ ਸਕਦੀ। ਕਾਂਗਰਸੀ ਆਗੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਲਾਗੂ ਕਰਨਾ ਇਸ ਸਾਂਝ ਦਾ ਪੁਖਤਾ ਸਬੂਤ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਉੱਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸਨੇ ਹਮੇਸ਼ਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੇ ਪ੍ਰਭਾਵ ਅਤੇ ਸਾਧਨਾਂ ਨੂੰ ਆਪਣੀ ਨਿੱਜੀ ਅਤੇ ਸੌੜੀ ਰਾਜਨੀਤੀ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀਆਂ ਨਿੱਜਪ੍ਰਸਤ ਨੀਤੀਆਂ ਦਾ ਹੀ ਸਿੱਟਾ ਹੈ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਰਗੀ ਪ੍ਰਮੁੱਖ ਪੰਥਕ ਸੰਸਥਾ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਵਿੱਚ ਚਲੀ ਗਈ ਹੈ। ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਕਈ ਪੰਥਕ ਪਰਿਵਾਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਬਾਦਲ ਪਰਿਵਾਰ ਵੱਲੋਂ ਪੰਥਕ ਸੰਸਥਾਵਾਂ ਨੂੰ ਆਪਣੀ ਜਕੜ ਵਿੱਚ ਲੈਣ ਦਾ ਹੀ ਸਿੱਟਾ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਕਰਾਰੀ ਹਾਰ ਦੇ ਕੇ ਬਾਦਲ ਪਰਿਵਾਰ ਨੂੰ ਸਬਕ ਸਿਖਾਉਣ।