ਬਾਬਾ ਨਾਨਕ ਅਤੇ ਮਨਾਂ ਦਾ ਇਨਕਲਾਬ

TeamGlobalPunjab
3 Min Read

-ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ : ਗੁਰੂ ਨਾਨਕ ਦੇਵ ਜੀ ਦਾ ਸਾਢੇ ਪੰਜ ਸੌ ਸਾਲਾ ਗੁਰਪੁਰਬ ਅਸੀਂ ਹੁਣੇ ਮਨਾਕੇ ਹਟੇ ਹਾਂ ਅਤੇ ਇਨ੍ਹਾਂ ਦਿਨਾਂ ਦੌਰਾਨ ਵੀ ਇਨ੍ਹਾਂ ਸਮਾਗਮਾਂ ਦਾ ਪ੍ਰਭਾਵ ਬਣਿਆ ਹੋਇਆ ਹੈ । ਪਰ ਜੇਕਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਫਲਸਫ਼ੇ ਨੂੰ ਗਹੁ ਨਾਲ ਵਾਚੀਏ ਤਾਂ ਇਹ ਗੱਲ ਸਾਫ਼ ਤੇ ਸਪੱਸ਼ਟ ਉੱਭਰਦੀ ਹੈ ਕਿ ਬਾਬਾ ਨਾਨਕ ਮਨਾਂ ਦੇ ਇਨਕਲਾਬ ਦੀ ਗੱਲ ਕਰਦੇ ਹਨ । ਸਾਰੀ ਗੁਰਬਾਣੀ ਹੀ ਇਸ ਗੱਲ ਦੁਆਲੇ ਘੁੰਮਦੀ ਹੈ ਕਿ ਮਨੁੱਖ ਇਮਾਨਦਾਰ ਅਤੇ ਚੰਗਾ ਤੇ ਸੁਚਾਰੂ ਬਣੇ, ਤਾਂ ਕਿ ਸਮਾਜ ਵਿੱਚ ਵੀ ਬਰਾਬਰਤਾ ਆਵੇ ਅਤੇ ਮਨੁੱਖੀ ਮਨਾਂ ਵਿੱਚ ਵੀ ਬਰਾਬਰਤਾ ਦੀ ਗੱਲ ਹੋਵੇ ਪਰ ਅਸੀਂ ਇਸ ਸੁਨੇਹੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਸਾਰੀ ਸ੍ਰਿਸ਼ਟੀ ਤੇ ਕਾਇਨਾਤ ਨੂੰ ਇੱਕ ਸਦੀਵੀ ਤਾਕਤ ਚਲਾ ਰਹੀ ਹੈ । ਸਾਨੂੰ ਸਭ ਨੂੰ ਉਹ ਸਦੀਵੀ ਤਾਕਤ ਦੇ ਅਸੂਲਾਂ ਮੁਤਾਬਕ ਵਿਚਰਨਾ ਚਾਹੀਦਾ ਹੈ। ਪਰ ਅਸੀਂ ਇਸ ਫਲਸਫੇ ਤੋਂ ਭਟਕੇ ਹੋਏ ਹਾਂ ਜਿਸ ਕਾਰਨ ਸਾਡੇ ਮਨਾਂ ਦੀ ਮੈਲ ਅਤੇ ਹਉਮੈ ਨਹੀਂ ਜਾ ਰਹੀ। ਚਿੰਤਾ ਇਸ ਗੱਲ ਦੀ ਹੈ ਕਿ ਅਸੀਂ ਧਰਮ ਦੀ ਗੱਲ ਵੀ ਕਰਦੇ ਹਾਂ ਸਿੱਖੀ ਸਿਧਾਂਤਾਂ ਦੀ ਵੀ ਗੱਲ ਕਰਦੇ ਹਾਂ ਪਰ ਅਮਲੀ ਤੌਰ ‘ਤੇ ਬਾਬਾ ਨਾਨਕ ਦੇ ਫ਼ਲਸਫ਼ੇ ਨੂੰ ਸਮਝ ਨਹੀਂ ਰਹੇ । ਅਸੀਂ ਬਾਹਰੀ ਦਿਖਾਵੇ ਵੱਲ ਜ਼ਿਆਦਾ ਗੰਭੀਰਤਾ ਦਿਖਾਉਂਦੇ ਹਾਂ ਅਤੇ ਮਨ ਦੀ ਮੈਲ ਨੂੰ ਦੂਰ ਕਰਨ ਵੱਲ ਧਿਆਨ ਨਹੀਂ ਦਿੰਦੇ।

ਜਿਸ ਕਾਰਨ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਫ਼ਲਸਫ਼ੇ ਤੋਂ ਭਟਕੇ ਹੋਏ ਹਾਂ। ਬਾਬਾ ਨਾਨਕ ਨੇ ਸਾਨੂੰ ਆਪਣਾ ਮੂਲ ਪਛਾਨਣ ਦੀ ਗੱਲ ਕੀਤੀ ਸੀ ਪਰ ਅਸੀਂ ਤਾਂ ਆਪਣੀ ਹਉਮੈ ਨੂੰ ਹੀ ਆਪਣਾ ਮੂਲ ਸਮਝ ਬੈਠੇ ਹਾਂ। ਇਸੇ ਕਾਰਨ ਹੁਣ ਹਰ ਛੋਟੀ ਛੋਟੀ ਗੱਲ ਤੋਂ ਵੱਡੇ ਵੱਡੇ ਝਗੜੇ ਹੋ ਰਹੇ ਹਨ ਅਤੇ ਘਟਨਾਵਾਂ ਵਾਪਰ ਰਹੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਮੁਤਾਬਕ ਆਪਣੇ ਮਨਾਂ ਵਿੱਚ ਪਹਿਲਾਂ ਇਨਕਲਾਬ ਲੈ ਕੇ ਆਈਏ ਅਤੇ ਬਾਹਰਲੇ ਇਨਕਲਾਬ ਅਤੇ ਇਨਸਾਫ ਦੀ ਦੀ ਗੱਲਬਾਤ ਬਾਅਦ ਵਿੱਚ ਕਰੀਏ।

- Advertisement -

ਜੇਕਰ ਅਸੀਂ ਆਪਣੇ ਮਨਾਂ ਅੰਦਰ ਇਨਕਲਾਬ ਲਿਆਉਣ ਲਈ ਕਾਮਯਾਬ ਹੋ ਗਏ ਤਾਂ ਸਾਨੂੰ ਆਲੇ ਦੁਆਲੇ ਨੂੰ ਵੀ ਸਹੀ ਰੱਖਣ ਅਤੇ ਲੋਕਾਂ ਨਾਲ ਸਹੀ ਸਲੂਕ ਦੀ ਸਮਝ ਆ ਜਾਵੇਗੀ । ਅਸੀਂ ਆਪਣੀ ਜ਼ਿੰਦਗੀ ਤਾਂ ਸਕੂਨ ਵਾਲੀ ਬਣਾ ਹੀ ਸਕਾਂਗੇ ਅਤੇ ਦੂਜਿਆਂ ਨੂੰ ਵੀ ਸੁੱਖ ਦੇਣ ਅਤੇ ਦੂਜਿਆਂ ਦੀ ਸੇਵਾ ਅਤੇ ਸਹਾਇਤਾ ਵੱਲ ਵੀ ਗੰਭੀਰ ਹੋ ਜਾਵਾਂਗੇ।

Share this Article
Leave a comment