Home / ਓਪੀਨੀਅਨ / ਅਵਤਾਰ ਪੁਰਬ – ਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦੇਣ

ਅਵਤਾਰ ਪੁਰਬ – ਸ੍ਰੀ ਗੁਰੂ ਅੰਗਦ ਦੇਵ ਦੀ ਸਿੱਖ ਧਰਮ ਤੇ ਪੰਜਾਬੀ ਭਾਸ਼ਾ ਨੂੰ ਦੇਣ

-ਡਾ. ਚਰਨਜੀਤ ਸਿੰਘ ਗੁਮਟਾਲਾ

ਸ੍ਰੀ ਗੁਰੂ ਅੰਗਦ ਦੇਵ ਦਾ ਜਨਮ ਵਿਸਾਖ ਸੁਦੀ 1 ਬਿਕਰਮੀ 1561 (31 ਮਾਰਚ, 1504 ਈ.) ਨੂੰ ਫ਼ਿਰੋਜਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਭਾਈ ਫੇਰੂ ਨਾਮੀ ਇੱਕ ਮਾਮੂਲੀ ਦੁਕਾਨਦਾਰ ਦੇ ਘਰ, ਮਾਤਾ ਰਾਮੋ ਦੀ ਕੁੱਖੋਂ ਹੋਇਆ। ਆਪ ਦੀ ਮਾਤਾ ਦੇ ਕਈ ਨਾਂ ਸਨ ਜਿਵੇਂ ਸਭਿਰਾਈ, ਰਾਮੋ, ਦਇਆ ਕੌਰ ਅਤੇ ਮਨਸਾ ਦੇਵੀ ਆਦਿ। ਮੈਕਾਲਿਫ਼ ਅਨੁਸਾਰ ਮਾਤਾ ਜੀ ਦਾ ਪਹਿਲਾ ਨਾਂ ਰਾਮੋ ਸੀ, ਵਿਆਹ ਤੋਂ ਪਿੱਛੋਂ ਦਇਆ ਕੌਰ ਹੋ ਗਿਆ।

ਉਸ ਸਮੇਂ ਪੰਜਾਬ ਵਿਚ ਹਫ਼ੜਾ ਦਫੜੀ ਮੱਚੀ ਹੋਈ ਸੀ। ਜਦ ਮੱਤੇ ਦੀ ਸਰ੍ਹਾਂ ਮੁਗ਼ਲਾਂ ਅਤੇ ਬਲੋਚਾਂ ਨੇ ਉਜਾੜ ਦਿੱਤੀ, ਤਾਂ ਫੇਰੂ ਜੀ ਅਤੇ ਭਾਈ ਲਹਿਣਾ ਜੀ ਦੇ ਪਰਿਵਾਰ ਖਡੂਰ ਵਿੱਚ ਰਹਿਣ ਲਈ ਚਲੇ ਗਏ।ਪਰ ਪ੍ਰੋਫ਼ੈਸਰ ਸਾਹਿਬ ਸਿੰਘ ਅਨੁਸਾਰ ਮੱਤੇ ਦੀ ਸਰਾਂ ਉਜੜਨ ‘ਤੇ ਬਾਬਾ ਫੇਰੂ ਜੀ ਉੱਤਰ ਵੱਲ ਪਿੰਡ ਹਰੀਕੇ ਆ ਟਿੱਕੇ, ਜੋ ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉਤੇ ਬਿਆਸਾ ਦਾ ਮਸ਼ਹੂਰ ਪੱਤਣ ਸੀ ।ਬਿਆਸਾ ਤੋਂ ਉਰਲੇ ਪਾਸੇ ਖਡੂਰ ਹੀ ਵੱਡਾ ਨਗਰ ਸੀ। ਗੋਇੰਦਵਾਲ ਅਜੇ ਵਸਿਆ ਨਹੀਂ ਸੀ।ਖਡੂਰ ਆਪ ਦੀ ਭੂਆ ਵਿਆਹੀ ਹੋਈ ਸੀ, ਉਸੇ ਦੀ ਰਾਹੀਂ ਆਪ ਦਾ ਰਿਸ਼ਤਾ ਖਡੂਰ ਹੋਇਆ।ਖਡੂਰ ਆ ਕੇ ਬਾਬਾ ਫੇਰੂ ਨੇ ਪ੍ਰਚੂਨ ਦੀ ਦੁਕਾਨ ਪਾ ਲਈ।ਆਪ ਦੀ ਉਸ ਸਮੇਂ ਉਮਰ ਵੀਹ ਸਾਲ ਦੀ ਸੀ।

ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਹਰ ਸਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਜੰਮੂ ਕਟੜਾ ਜਾਂਦੇ ਸਨ । ਸੰਮਤ 1583 (1526 ਈ.) ਵਿਚ ਬਾਬਾ ਫੇਰੂ ਜੀ ਅਕਾਲ ਚਲਾਣਾ ਕਰ ਗਏ ।ਉਨ੍ਹਾਂ ਤੋਂ ਪਿੱਛੋਂ ਆਪ ਨੇ ਇਹ ਸੇਵਾ ਸੰਭਾਲ ਲਈ ।

ਮੈਕਾਲਿਫ਼ ਅਨੁਸਾਰ ਖਡੂਰ ਵਿੱਚ ਇੱਕ ਸਿੱਖ ਭਾਈ ਜੋਧਾ ਰਹਿੰਦਾ ਸੀ। ਭਾਈ ਜੋਧਾ ਹਰ ਰੋਜ਼ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉਠਦਾ ਸੀ ਅਤੇ ਜਪੁਜੀ ਤੇ ਆਸਾ ਕੀ ਵਾਰ ਦਾ ਪਾਠ ਕਰਦਾ ਸੀ। ਇੱਕ ਦਿਨ ਸੁਹਾਵਣੀ ਰਾਤ ਸਮੇਂ ਜਦ ਸੀਤਲ ਨਿਰਮਲ ਪੌਣ ਤਪੇ ਹੋਏ ਵਾਯੂ-ਮੰਡਲ ਨੂੰ ਠਾਰ ਰਹੀ ਸੀ ਤਾਂ ਭਾਈ ਲਹਿਣਾ ਜੀ ਨੇ ਇੱਕ ਆਵਾਜ਼ ਸੁਣੀ, ਜਿਸ ਨੇ ਉਨ੍ਹਾਂ ਦੇ ਹਿਰਦੇ ਨੂੰ ਖਿੜਾ ਦਿੱਤਾ। ਉਸ ਸੁਰ (ਆਵਾਜ਼) ਵਿੱਚ ਹੇਠ ਲਿਖੀ ਪੌੜੀ ਗਾਵੀ ਜਾ ਰਹੀ ਸੀ :- ਆਸਾ ਕੀ ਵਾਰ ਪਉੜੀ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲ੍ਹੀਆ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਆ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ ਜਿਉ ਸਾਹਿਬੁ ਨਾਲਿ ਨ ਹਾਰੀਐ ਤੇ ਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ॥ 21 ॥ (ਆ: ਗ੍ਰੰ. ਅੰਗ 474)

ਜਦ ਭਾਈ ਲਹਿਣਾ ਜੀ ਨੇ ਧਿਆਨ ਲਾ ਕੇ ਸੁਣਿਆ ਤਾਂ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲੀ। ਦਿਨ ਨਿਕਲਣ ਮਗਰੋਂ ਉਹ ਜੋਧਾ ਪਾਸੋਂ ਪੁੱਛਣ ਲੱਗੇ ਕਿ ਇਹ ਮਨ ਨੂੰ ਉਤਸ਼ਾਹ ਦੇਣ ਵਾਲੀ ਬਾਣੀ ਕਿਸਨੇ ਉਚਾਰੀ ਹੈ? ਭਾਈ ਜੋਧਾ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਬਾਣੀ ਨੂੰ ਰਚਣ ਵਾਲੇ ਮੇਰੇ ਗੁਰੂ ਬਾਬਾ ਨਾਨਕ ਜੀ ਹਨ ਜਿਹੜੇ ਅੱਜ ਕਲ੍ਹ ਰਾਵੀ ਦੇ ਕੰਢੇ ਕਰਤਾਰਪੁਰ ਵਿੱਚ ਰਹਿੰਦੇ ਹਨ। ਭਾਈ ਜੋਧਾ ਪਾਸੋਂ ਜਦ ਉਨ੍ਹਾਂ ਨੇ ਇਹ ਸਭ ਕੁਝ ਸੁਣਿਆ ਤਾਂ ਉਨ੍ਹਾਂ ਦੇ ਹਿਰਦੇ ਵਿੱਚ ਭਗਤੀ ਭਾਵ ਜਾਗ ਪਿਆ। ਭਾਈ ਲਹਿਣਾ ਜੀ ਨੂੰ ਗੁਰੂ ਦੇ ਦਰਸ਼ਨ ਦੀ ਅਜਿਹੀ ਤਾਂਘ ਲੱਗੀ, ਜਿਹੀ ਕਿ ਚੰਦਰਮਾਂ ਦੇ ਵੇਖਣ ਲਈ ਚਕੋਰ ਨੂੰ ਹੁੰਦੀ ਹੈ।

ਪਿਆਰਾ ਸਿੰਘ ਪਦਮ ਅਨੁਸਾਰ ਭਾਈ ਲਹਿਣਾ ਕਰਤਾਰਪੁਰ ਗੁਰੂ ਨਾਨਕ ਜੀ ਦੇ ਦਰਸ਼ਨਾਂ ਲਈ ਗਿਆ। ਬਾਬੇ ਨੇ ਮੁਸਕਰਾ ਕੇ ਪੁੱਛਿਆ, ‘ਪੁਰਖਾ! ਤੇਰਾ ਨਾਮ ਕੀ ਹੈ?’ ‘ਜੀ ਮੇਰਾ ਨਾਮ ਲਹਿਣਾ ਹੈ’, ਉਸ ਉੱਤਰ ਦਿੱਤਾ। ਗੁਰੂ ਸਾਹਿਬ ਨੇ ਕਿਹਾ, ‘ਅੱਛਾ! ਜੇ ਤੂੰ ਭਾਈ ਲਹਿਣਾ ਹੈਂ, ਤਾਂ ਅਸਾਂ ਭੀ ਤੇਰਾ ਦੇਣਾ ਹੈ’। ਇਨ੍ਹਾਂ ਰਮਜ਼-ਭਰੇ ਬੈਣਾਂ (ਵਿਚਾਰ ) ਤੇ ਕ੍ਰਿਪਾ-ਭਰਪੂਰ ਨੈਣਾਂ ਨੇ ਲਹਿਣੇ ਦੇ ਅੰਦਰ ਹੀ ਲਟ-ਲਟ ਕਰਦੀ ਜੋਤ ਜਗਾ ਦਿੱਤੀ ਤੇ ਉਸ ਨੂੰ ‘ਲਾਟਾਂ ਵਾਲੀ ਦੇਵੀ’ ਦੀ ਵੀ ਲੋੜ ਨਾ ਰਹੀ। ਲਹਿਣੇ ਨੇ ਬਹੁਤ ਮਨ ਲਾ ਕੇ 6-7 ਸਾਲ ਗੁਰੂ ਜੀ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੇ ਵੀ ਕਈ ਤਰ੍ਹਾਂ ਦੀਆਂ ਪਰਖਾਂ ਕੀਤੀਆਂ। ਅੰਤ ਵਿੱਚ ਗੁਰੂ ਸਾਹਿਬ ਨੇ ਇੱਕ ਵਟਰ ਧਾਣਕੀ ਵੇਸ ਧਾਰਿਆ। ਜੋ ਵੀ ਸਿੱਖ ਉਨ੍ਹਾਂ ਪਾਸ ਆਉਂਦਾ, ਉਸ ਦੇ ਸੋਟਾ ਮਾਰਦੇ ਤੇ ਉਹ ਦੌੜ ਜਾਂਦਾ ਪ੍ਰੰਤੂ ਲਹਿਣਾ ਸੋਟੇ ਖਾ ਕੇ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਟੁਰਦਾ ਰਿਹਾ, ਬਾਬੇ ਨੇ ਆਖਿਆ, ‘ਲਹਿਣੇ ! ਤੂੰ ਕਿਉਂ ਆਪਣੇ ਘਰ ਨਹੀ ਜਾਂਦਾ ? ਮੇਰੇ ਪਿੱਛੇ ਕਿਉਂ ਆ ਰਿਹਾ ਹੈ?’ ‘ਲਹਿਣੇ ਨੇ ਕਿਹਾ, ‘ਸੱਚੇ ਪਾਤਸ਼ਾਹ! ਹੋਰ ਸਿੱਖਾਂ ਦੇ ਆਪਣੇ ਆਪਣੇ ਘਰ ਟਿਕਾਣੇ ਸਨ, ਪਰ ਲਹਿਣੇ ਦਾ ਟਿਕਾਣਾ ਤੈਥੋਂ ਸਿਵਾ ਕੋਈ ਨਹੀਂ’। ਗੁਰੂ ਨਾਨਕ ਦਾ ਆਪਾ ਰਹਿਮਤ ਤੇ ਪਿਆਰ ਵਿੱਚ ਉਛਲ ਆਇਆ, ਆਖਣ ਲੱਗੇ, ‘ਲਹਿਣੇ ! ਮੈਂ ਵੀ ਸਾਰਾ ਸੰਸਾਰ ਢੂੰਡ ਮਾਰਿਆ ਹੈ, ਨਾਨਕ ਨੂੰ ਵੀ ਤੇਰੇ ਜੇਹਾ ਕੋਈ ਟਿਕਾਣਾ ਨਹੀਂ ਲੱਭਾ, ਹੁਣ ਮੈਂ ਆਪਣੀ ਜੋਤਿ ਤੇਰੇ ਵਿੱਚ ਹੀ ਰੱਖਾਂਗਾ’। 14 ਜੂਨ, 1539 ਨੂੰ ਲਹਿਣੇ ਨੂੰ ਅੰਗਦ ਬਣਾ ਕੇ ਗੁਰਿਆਈ ਦੇ ਦਿੱਤੀ ਗਈ। ਸ੍ਰੀ ਚੰਦ ਤੇ ਲਖਮੀਦਾਸ ਦੀ ਨਰਾਜ਼ਗੀ ਕਾਰਨ ਸਿੱਖ ਸੰਗਤਾਂ ਵਿੱਚ ਫੁੱਟ ਦਾ ਬੀਜ ਨਾ ਬੀਜਿਆ ਜਾਵੇ, ਇਸ ਲਈ ਗੁਰੂ ਨਾਨਕ ਜੀ ਦੀ ਆਗਿਆ ਅਨੁਸਾਰ ਆਪ ਕਰਤਾਰਪੁਰ ਛੱਡ ਕੇ ਖਡੂਰ ਆ ਰਹੇ :- ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥ (ਵਾਰ ਰਾਮਕਲੀ ਸਤਾ ਬਲਵੰਡਿ, ਅੰਗ 967) ਦਿਤਾ ਛੋੜਿ ਕਰਤਾਰ ਪੁਰੁ, ਬੈਠਿ ਖਡੂਰੇ ਜੋਤਿ ਜਗਾਈ॥ (ਭਾਈ ਗੁਰਦਾਸ ਜੀ, ਵਾਰ 1, ਪਉੜੀ 46)

ਸਿੱਖ ਧਰਮ ਵਿਸ਼ਵਕੋਸ਼ ਅਨੁਸਾਰ ਮਾਘ 1576 ਬਿਕਰਮੀ/ਜਨਵਰੀ 1520 ਵਿੱਚ ਆਪ ਦਾ ਵਿਆਹ ਅੰਮ੍ਰਿਤਸਰ ਜ਼ਿਲ਼੍ਹੇ ਵਿੱਚ ਖਡੂਰ ਦੇ ਨੇੜੇ ਸੰਘਰ ਪਿੰਡ ਵਿੱਚ ਇੱਕ ਮਰਵਾਹ ਖੱਤਰੀ ਦੇਵੀ ਚੰਦ ਦੀ ਲੜਕੀ ਖੀਵੀ ਨਾਲ ਹੋ ਗਿਆ। ਦੋ ਲੜਕੇ ਦਾਸੂ ਅਤੇ ਦਾਤੂ ਅਤੇ ਇੱਕ ਲੜਕੀ ਅਮਰੋ ਆਪ ਦੇ ਘਰ ਜਨਮੇ।ਕੁਝ ਲੇਖਕਾਂ ਅਨੁਸਾਰ ਗੁਰੂ ਅੰਗਦ ਦੇਵ ਦੀਆਂ ਦੋ ਲੜਕੀਆਂ, ਅਮਰੋ ਅਤੇ ਅਨੋਖੀ ਸਨ। ਗੁਰੂ ਨਾਨਕ ਦੇਵ ਜੀ ਨੇ ਇਹ ਸੰਕੇਤ ਦੇਣ ਲਈ ਕਿ ਇਹ ਸਿੱਖ ਉਸ ਦੇ ਸਰੀਰ ਦਾ ਇੱਕ ਹਿੱਸਾ ਬਣ ਚੁੱਕਾ ਹੈ, ਇਸ ਦਾ ਨਾਂ ਅੰਗਦ ਰੱਖ ਦਿੱਤਾ। ਅੰਗਦ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਦਾ ਸ਼ਬਦ ਅਤੇ ਸੇਵਾ ਦੇ ਕੰਮ ਵਿੱਚ ਲੀਨ ਕਰ ਦਿੱਤਾ। ਇਹ ਬਰਤਨ ਸਾਫ਼ ਕਰਨ ਅਤੇ ਪੱਖਾ ਝੱਲਣ ਦੀ ਸੇਵਾ ਕਰਦੇ ਸਨ।ਆਪ ਦੀ ਗੁਰਗੱਦੀ ‘ਤੇ ਸਥਾਪਨਾ ਗੁਰੁ ਨਾਨਕ ਦੇਵ ਦੇ ਅਸੂ ਵਦੀ ਦਸ , 1596 ਬਿਕਰਮੀ( 7 ਸਤੰਬਰ1539 ਈ.) ਨੂੰ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਹੀ ਹੋਈ ਸੀ।

ਆਪ ਦੇ 63 ਸਲੋਕ ਹਨ ਜੋ ਵਾਰਾਂ ਵਿਚ ਵੱਖ ਵੱਖ ਥਾਵਾਂ ‘ਤੇ ਵਾਰਾਂ ਵਿਚ ਦਰਜ ਹਨ। ਉਨ੍ਹਾਂ ਵਿਚੋਂ15 ਆਸਾ ਦੀ ਵਾਰ ਵਿਚ, 12 ਵਾਰ ਮਾਝ ਵਿਚ,11 ਵਾਰ ਸੂਹੀ ਵਿਚ, 9 ਵਾਰ ਸਾਰੰਗ ਵਿਚ ਅਤੇ ਬਾਕੀ ਬਚਦੇ 16 ਵਿਚੋਂ ਸਿਰੀ ਰਾਗ ਦੀ ਵਾਰ ਵਿਚ 2, ਸੋਰਠ ਵਿਚ 1, ਰਾਮਕਲੀ ਵਿਚ 7, ਮਾਰੂ ਵਿਚ 1 ਅਤੇ ਮਲਾਰ ਵਿਚ5 ਹਨ।

ਸ੍ਰੀ ਗੁਰੁ ਨਾਨਕ ਦੇਵ ਜੀ ਨੇ ਲੋਕਾਂ ਦੀ ਭਾਸ਼ਾ ਪੰਜਾਬੀ ਵਿਚ ਲਿਖਣ ਦੀ ਜੋ ਸ਼ੁਰੂਆਤ ਕੀਤੀ ਸੀ ਉਸ ਨੂੰ ਹੀ ਗੁਰੁ ਅੰਗਦ ਜੀ ਨੇ ਅੱਗੇ ਤੋਰਿਆ ਤੇ ਉਸ ਦੇ ਪ੍ਰਚਾਰ ਤੇ ਪਾਸਾਰ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ।ਗੋਕਲ ਚੰਦ ਨਾਰੰਗ ਅਨੁਸਾਰ ਉਸ ਸਮੇਂ ਬ੍ਰਾਹਮਣ ਦੇ ਮਹੱਤਵ ਦਾ ਇੱਕ ਵੱਡਾ ਆਧਾਰ ਉਸ ਦਾ ਸੰਸਕ੍ਰਿਤ ਦਾ ਗਿਆਨ ਸੀ ਜੋ ਕਿ ਧਰਮ ਦੀ ਭਾਸ਼ਾ ਸੀ। ਜਦੋਂ ਗੁਰਮੁੱਖੀ ਅੱਖਰਾਂ ਵਿੱਚ ਲਿਪੀ ਪੰਜਾਬੀ ਨੂੰ ਵੀ ਉਹੀ ਸੁਚਮਤਾ ਪ੍ਰਾਪਤ ਹੋ ਗਈ, ਜਿਹੜੀ ਕਿ ਇਸ ਨੂੰ ਛੇਤੀ ਪਿੱਛੋਂ ਮਿਲ ਗਈ ਸੀ, ਤਾਂ ਬ੍ਰਾਹਮਣ ਦੀ ਪ੍ਰਤਿਸ਼ਠਾ ਨੂੰ ਧੱਕਾ ਲੱਗਣਾ ਜ਼ਰੂਰੀ ਸੀ। ਇਸ ਨਵੀਨ ਲਿਪੀ ਦੀ ਵਰਤੋਂ ਦਾ ਪ੍ਰਭਾਵ ਇਹ ਪਿਆ ਕਿ ਪੜ੍ਹੇ ਲਿਖੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਅਤੇ ਜਨਤਾ ਤੱਕ ਉਨ੍ਹਾਂ ਦੀ ਮਾਤਰੀ ਭਾਸ਼ਾ ਵਿੱਚ ਧਾਰਮਿਕ ਸਾਹਿਤ ਦੀ ਰਸਾਈ ਕਰਨ ਕਰਕੇ, ਗੁਰੂਆਂ ਦੇ ਸੁਧਾਰ-ਕਾਰਜ ਨੂੰ ਉਤਸ਼ਾਹ ਮਿਲਿਆ।

ਗੁਰੂ ਅੰਗਦ ਦੇਵ ਨੇ ਦੂਸਰਾ ਕਦਮ ਗੁਰੂ ਨਾਨਕ ਦੀਆਂ ਸਾਖੀਆਂ ਦੇ ਸੰਗ੍ਰਹਿ ਸੰਬੰਧੀ ਚੁੱਕਿਆ। ਬਾਲੇ ਨੇ, ਜੋ ਕਿ ਜੋਤੀ ਜੋਤ ਸਮਾ ਚੁੱਕੇ ਗੁਰੂ ਸਾਹਿਬ ਦਾ ਜੀਵਨ ਸੰਗੀ ਰਿਹਾ ਸੀ ਅਤੇ ਉਨ੍ਹਾਂ ਦੀਆਂ ਸਾਰੀਆਂ ਉਦਾਸੀਆਂ ਵਿੱਚ ਉਨ੍ਹਾਂ ਦੇ ਨਾਲ ਰਿਹਾ ਸੀ, ਆਪਣੀ ਯਾਦਾਸ਼ਤ ਦੁਆਰਾ ਸਭ ਕੁਝ ਬਿਆਨ ਕੀਤਾ ਜੋ ਉਸ ਨੇ ਗੁਰੂ ਨਾਨਕ ਦੇ ਬਾਲਪਨ ਤੋਂ ਲੈ ਕੇ ਮ੍ਰਿਤੂ ਤੱਕ ਵੇਖਿਆ ਸੀ ਜਾਂ ਸੁਣਿਆ ਸੀ ਅਤੇ ਗੁਰੂ ਅੰਗਦ ਨੇ ਇਸ ਨੂੰ ਲਿਪੀ ਬੱਧ ਕਰਨ ਦਾ ਨਿਸ਼ਚਾ ਧਾਰ ਲਿਆ। ਗੁਰੂ ਨਾਨਕ ਪ੍ਰਥਮ ਪੰਜਾਬੀ ਕਵੀ ਸਨ ਜਿਨ੍ਹਾਂ ਨੂੰ ਲੋਕ-ਪ੍ਰਿਯਤਾ ਅਤੇ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਗੁਰੂ ਅੰਗਦ ਦੁਆਰਾ ਸੰਪਾਦਿਤ ਉਨ੍ਹਾਂ ਦੀ ਸਾਖੀ ਪੰਜਾਬੀ ਭਾਸ਼ਾ ਦੀ ਸਭ ਤੋਂ ਪਹਿਲੀ ਗੱਦ-ਰਚਨਾ ਬਣੀ। ਗੁਰੂ ਨਾਨਕ ਦੇ ਸਿੱਖਾਂ ਵਿੱਚ ਇਹ ਪੁਸਤਕ ਛੇਤੀ ਹੀ ਹਰਮਨ-ਪਿਆਰੀ ਹੋ ਗਈ ਅਤੇ ਕਿਉਂਕਿ ਇਸ ਪੁਸਤਕ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਅਤੇ ਜੀਵਨ ਦੋਵੇਂ ਹੀ ਦਰਜ ਸਨ, ਇਸ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਹੋਣ ਦਾ ਮਾਣ ਤੁਰੰਤ ਪ੍ਰਾਪਤ ਕਰ ਲਿਆ ਲੰਗਰ ਪ੍ਰਣਾਲੀ ਜੋ ਜੋ ਗੁਰੂ ਨਾਨਕ ਜੀ ਨੇ ਹੀ ਚਾਲੂ ਕਰ ਦਿੱਤੀ ਸੀ , ਗੁਰੂ ਅੰਗਦ ਨੇ ਇਸ ਨੂੰ ਅੱਗੇ ਤੋਰਿਆ। ਸਿੱਖਾਂ ਨੂੰ ਇਸ ਨੇ ਸਾਂਝੇ ਭੰਡਾਰੇ ਲਈ ਦਾਨ ਦੇਣ ਦੀ ਪਹਿਲੀ ਸਿੱਖਿਆ ਪ੍ਰਦਾਨ ਕੀਤੀ। ਇਹ ਸੰਸਥਾ ਜਾਤ-ਪਾਤ ਦੇ ਬੰਧਨ ਤੋੜਨ ਵਿੱਚ ਪ੍ਰਬਲ ਹਥਿਆਰ ਸਿੱਧ ਹੋਈ ਕਿਉਂਕਿ ਅਮੀਰ ਅਤੇ ਗਰੀਬ, ਬ੍ਰਾਹਮਣ ਅਤੇ ਸ਼ੂਦਰ, ਸਾਰੇ ਸਿੱਖ ਬਿਨਾਂ ਕਿਸੇ ਭਿੰਨ-ਭੇਦ ਤੋਂ ਇੱਕ ਪੰਗਤ ਵਿੱਚ ਖਾਂਦੇ ਸਨ।

ਇਨ੍ਹਾਂ ਉਪਾਵਾਂ ਅਤੇ ਸਰਗਰਮ ਪ੍ਰਚਾਰ-ਕਾਰਜ ਦੁਆਰਾ, ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਸਥਾਨਕ ਤੌਰ ‘ਤੇ ਸਥਾਪਿਤ ਕਰਨ ਅਤੇ ਇਸ ਨੂੰ ਨਾਮ ਦੇਣ ਵਿੱਚ ਸਫ਼ਲ ਹੋ ਗਏ। ਸਿੱਖ ਹੁਣ ਪੁਰਾਤਨ ਹਿੰਦੂ ਸਮਾਜ ਤੋਂ ਹੌਲੀ-ਹੌਲੀ ਦੂਰ ਹੋਣ ਲੱਗੇ ਅਤੇ ਇੱਕ ਨਵੀਂ ਸ਼੍ਰੇਣੀ ਅਥਵਾ ਇੱਕ ਕਿਸਮ ਦੇ ਨਵੇਂ ਭਾਈਚਾਰੇ ਵਿੱਚ ਬੱਝਣ ਲੱਗੇ।

2 ਅੱਸੂ ਸੰਮਤ 1563 (ਅੱਸੂ ਵਦੀ 5) ਮੁਤਾਬਿਕ 2 ਸਤੰਬਰ ਸੰਨ 1539 ਨੂੰ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਆਪ ਅੱਸੂ ਵਦੀ 10 (7 ਅੱਸੂ) ਸੰਮਤ 1596 (7 ਸਤੰਬਰ ਸੰਨ 1539) ਨੂੰ ਜੋਤੀ ਜੋਤਿ ਸਮਾਏ। ਉਸ ਵਕਤ ਗੁਰੂ ਅੰਗਦ ਸਾਹਿਬ ਦੀ ਉਮਰ ਤਕਰੀਬਨ ਸਾਢੇ ਪੈਂਤੀ ਸਾਲ ਸੀ। ਗੁਰੂ ਬਣਾਣ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਉਹ ‘ਕਿਤਾਬ’ ਵੀ ਦੇ ਦਿੱਤੀ, ਜਿਸ ਵਿੱਚ ਉਨ੍ਹਾਂ ਆਪਣੀ ਸਾਰੀ ਹੀ ਬਾਣੀ ਲਿਖ ਕੇ ਰੱਖੀ ਹੋਈ ਸੀ, ਅਤੇ ਬਾਬਾ ਫ਼ਰੀਦ, ਭਗਤ ਨਾਮਦੇਵ, ਕਬੀਰ, ਰਵਿਦਾਸ ਆਦਿਕ ਸਾਰੇ ਭਗਤਾਂ ਦੀ ਬਾਣੀ ਵੀ ਲਿਖੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਹਾਜੀਆਂ ਨੇ ਵੀ ਇਸੇ ‘ਕਿਤਾਬ’ ਬਾਰੇ ਆਖਿਆ ਸੀ ਕਿ ਇਸ ਨੂੰ ਖੋਲ੍ਹ ਕੇ ਸਾਨੂੰ ਆਪਣੀ ਰਾਇ ਦੱਸੋ ਕਿੁ ਹਿੰਦੂ ਵੱਡਾ ਹੈ ਜਾਂ ਮੁਸਲਮਾਨ।ਇਹ ਹੁਕਮ ਵੀ ਕੀਤਾ ਕਿ ਰਾਵੀ ਬਿਆਸ ਵਿਚਲੇ ਇਲਾਕੇ ਮਾਝੇ ਵਿੱਚ ਦੇ ਕਿਸਾਨ ਆਦਿਕ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਉਨ੍ਹਾਂ ਨੂੰ ਹਂੌਸਲਾ ਦਿਉ। ਚਿਨਾਬੋਂ ਪਰੇ ਪਰੇ ਸਭ ਕਿਸਾਨ ਡਰ ਅਤੇ ਲਾਲਚ ਦੇ ਵੱਸ ਹੋ ਕੇ ਮੁਸਲਮਾਨ ਹੋ ਚੁੱਕੇ ਸਨ, ਅਸਾਂ ਰਾਵੀ ਦੇ ਉੱਤਰ ਦੇ ਇਲਾਕੇ ਦੇ ਪੇਂਡੂਆਂ ਨੂੰ ਉਸ ਹੜ੍ਹ ਤੋਂ ਬਚਾਣ ਦੇ ਜਤਨ ਕੀਤੇ ਹਨ, ਹੁਣ ਮਾਝੇ ਦੇ ਕਿਸਾਨ ਨੂੰ ਜਥੇਬੰਦ ਕਰਨ ਦੀ ਲੋੜ ਹੈ। ਸੋ, ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਖਡੂਰ ਵਿੱਚ ਆ ਬਣਾਇਆ।

ਸੰਨ 1541 ਵਿੱਚ (ਗੁਰੂ) ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ। ਇਨ੍ਹਾਂ ਨੇ ਵੀ ਗੁਰ-ਆਗਿਆ ਅਨੁਸਾਰ ਲੰਗਰ ਦੀ ਸੇਵਾ ਸ਼ੁਰੂ ਕੀਤੀ। ਯਾਰ੍ਹਾਂ ਬਾਰ੍ਹਾਂ ਸਾਲ ਏਨੀ ਘਾਲ ਘਾਲੀ ਕਿ ਗੁਰੂ ਅੰਗਦ ਸਾਹਿਬ ਨੇ ਸੰਨ 1552 ਵਿੱਚ ਇਨ੍ਹਾਂ ਨੂੰ ਹੀ ਆਪਣਾ ਜਾ-ਨਸ਼ੀਨ ਬਣਾਇਆ ਤੇ ਸਤਿਗੁਰੂ ਨਾਨਕ ਸਾਹਿਬ ਵੱਲੋਂ ਮਿਲੀ ਜ਼ਿੰਮੇਵਾਰੀ ਸੌਂਪ ਦਿੱਤੀ।

ਗੋਇੰਦਵਾਲ ਵਾਲ਼ੀ ਜਗਾਹ ਪਹਿਲਾਂ ਇਕ ਥੇਹ ਸੀ ਤੇ ਇੱਕ ਮਰਵਾਹੇ ਖੱਤਰੀ ਗੋਂਦੇ ਦੇ ਵੱਡਿਆਂ ਦੀ ਮਾਲਕੀ। ਗੋਂਦਾ ਆਪਣੇ ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਉੱਥੇ ਨਗਰ ਵਸਾਣਾ ਚਾਹੁੰਦਾ ਸੀ। ਗੋਂਦਾ ਇਸ ਬਾਰੇ ਗੁਰੂ ਅੰਗਦ ਦੇਵ ਜੀ ਪਾਸ ਆਇਆ।ਗੁਰੂ ਅੰਗਦ ਸਾਹਿਬ ਨੇ ਨਗਰ ਵਸਾਣ ਦੀ ਇਹ ਜ਼ਿੰਮੇਵਾਰੀ (ਗੁਰੂ) ਅਮਰਦਾਸ ਜੀ ਨੂੰ ਸੌਂਪੀ, ਅਤੇ ਹੁਕਮ ਦਿੱਤਾ ਕਿ ਨਗਰ ਬਣਾ ਕੇ ਬਾਸਰਕੇ ਤੋਂ ਆਪਣੇ ਨਿਕਟੀ ਸਾਕ-ਸੰਬੰਧੀਆਂ ਨੂੰ ਉੱਥੇ ਲਿਆ ਵਸਾਓ। ਇਹ ਜ਼ਿਕਰ ਸੰਨ 1546 (ਸੰਮਤ 1603) ਦਾ ਹੈ। ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ। (ਗੁਰੂ) ਅਮਰਦਾਸ ਜੀ ਆਪਣੇ ਕਈ ਸਾਕ-ਸੰਬੰਧੀਆਂ ਨੂੰ ਗੋਇੰਦਵਾਲ ਲੈ ਆਏ।

ਜਿੱਥੋਂ ਤੀਕ ਗੁਰਮੁੱਖੀ ਲਿਪੀ ਦਾ ਸੰਬੰਧ ਹੈ ਇਸ ਨੂੰ ਅਜੋਕਾ ਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀ।ਡਾ. ਜ.ਸ.ਜੋਸ਼ੀ ਅਨੁਸਾਰ ਗੁਰਮੁਖੀ ਦੇ ਅੱਖਰ ਵਰਤਮਾਨ ਦੇਵਨਾਗਰੀ ਨਾਲੋਂ ਵੀ ਪੁਰਾਣੇ ਹਨ। ਕੋਈ ਪੈਂਤੀ ਅੱਖਰਾਂ ਦੀ ਵਰਣਮਾਲਾ ਗੁਰੂ ਨਾਨਕ ਸਾਹਿਬ ਦੇ ਬਚਪਨ ਵੇਲੇ ਮੌਜੂਦ ਸੀ। ਇਹ ਵਰਣਮਾਲਾ ਪਾਂਧੇ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਅਤੇ ਇਸ ਨੂੰ ਮੁੱਖ ਰੱਖਕੇ ‘ਪੱਟੀ’ ਵਾਲੀ ਰਚਨਾ ਕੀਤੀ। ਇਹ ਵਰਣਮਾਲਾ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦਾ ਮੁੱਢ ਸੀ। ਇਹੋ ਵਰਣਮਾਲਾ ਹੀ ਪਿੱਛੋਂ ‘ਗੁਰਮੁਖੀ’ ਅਖਵਾਉਣ ਵਾਲੀ ਹੋ ਸਕਦੀ ਹੈ, ਜੇ ਪੈੜੇ ਮੋਖੇ ਦੇ ਜਨਮਸਾਖੀ ਲਿਖਣ ਵਾਲੀ ਕਹਾਣੀ ਨੂੰ ਜਿਸ ਤਰ੍ਹਾਂ ਉਹ ਬਾਲੇ ਵਾਲੀ ਜਨਮ ਸਾਖੀ ਵਿੱਚ ਦਿੱਤੀ ਗਈ ਹੈ। ਸੱਚ ਮੰਨ ਲਈਏ ਤਾਂ ਪ੍ਰਤੱਖ ਹੈ ਕਿ ਪੈੜੇ ਮੋਖੇ ਨੂੰ ਗੁਰਮੁਖੀ ਲਿਖਣੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਿਲਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਆਉਂਦੀ ਸੀ, ਜਿਸ ਤੋਂ ਗੁਰੂ ਅੰਗਦ ਦੇਵ ਜੀ ਨੇ ਐਡਾ ਵੱਡਾ ਕੰਮ ਉਸ ਦੇ ਸਪੁਰਦ ਕੀਤਾ। ਡਾ. ਜੋਸ਼ੀ ਅੱਗੇ ਲਿਖਦੇ ਹਨ ਕਿ ਗੁਰਮੁਖੀ ਅੱਖਰਾਂ ਦੀ ਵਰਤਮਾਨ ਤਰਤੀਬ ਆਧੁਨਿਕ ਯੁਗ ਦੀਆਂ ਧੁਨੀ ਵਿਗਿਆਨ ਦੇ ਖੇਤਰ ਦੀਆਂ ਖੋਜਾਂ ਦੀ ਕਸਵਟੀ ‘ਤੇ ਪੂਰੀ ਤਰ੍ਹਾਂ ਠੀਕ ਉਤਰਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਇਸ ਤੋਂ ਵੱਧ ਮਹੱਤਵਪੂਰਨ ਯੋਗਦਾਨ ਗੁਰਮੁਖੀ ਲਿਪੀ ਨੂੰ ਗੁਰਬਾਣੀ ਅਤੇ ਬਾਕੀ ਗੁਰਮਤਿ ਸਾਹਿਤ ਨੂੰ ਲਿਖਤੀ ਰੂਪ ਦੇਣ ਲਈ ਢੁੱਕਵੀਂ ਮੰਨ ਕੇ ਮਾਧਿਅਮ ਵਜੋਂ ਅਪਨਾਉਣਾ ਹੈ। ਬੱਚਿਆਂ ਨੂੰ ਇਸਦੀ ਸਿੱਖਿਆ ਪ੍ਰਦਾਨ ਕਰਨ ਲਈ ਆਪ ਜੀ ਨੇ ‘ਬਾਲ ਬੋਧ’ ਦੀ ਰਚਨਾ ਕੀਤੀ। ਗੁਰਮੁਖੀ ਅੱਖਰਾਂ ਤੋਂ ਜਾਣੂੰ ਲਿਖਾਰੀਆਂ ਨੂੰ ਵਰਤਮਾਨ ਲਿਪੀ ਵਿੱਚ ਪੰਜਾਬੀ ਸਾਹਿਤ ਲਿਖਣ ਦੀ ਪ੍ਰੇਰਣਾ ਅਤੇ ਉਤਸ਼ਾਹ ਦਿੱਤਾ। ਜੇਕਰ ਇਸ ਤੱਥ ਨਾਲ ਸਹਿਮਤੀ ਵੀ ਹੋਵੇ ਕਿ ਗੁਰਮੁਖੀ ਦਾ ਨਿਰਮਾਣ ਗੁਰੂ ਅੰਗਦ ਦੇਵ ਜੀ ਨੇ ਨਹੀਂ ਕੀਤਾ ਤਾਂ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਗੁਰਬਾਣੀ, ਗੁਰਮਤਿ ਸਾਹਿਤ ਅਤੇ ਪੰਜਾਬੀ ਭਾਸ਼ਾ ਵਾਸਤੇ ਗੁਰਮੁਖੀ ਲਿਪੀ ਦੇ ਵਰਤਮਾਨ ਰੂਪ ਦੀ ਵਰਤੋਂ ਭਾਰਤੀ ਭਾਸ਼ਾਵਾਂ ਦੇ ਇਤਿਹਾਸ ਦੀ ਇੱਕ ਅਜਿਹੀ ਪ੍ਰਾਪਤੀ ਹੈ ਜਿਸ ਉਪਰ ਨਿਸ਼ਚੇ ਹੀ ਮਾਣ ਕੀਤਾ ਜਾ ਸਕਦਾ ਹੈ। ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੂਰ ਦ੍ਰਿਸ਼ਟੀ ਅਤੇ ਵਿਗਿਆਨਿਕ ਸੋਚ ਦਾ ਹੀ ਸਿੱਟਾ ਹੈ। ਸ਼ਾਇਦ ਇਸੇ ਕਰਕੇ ਗੁਰਮੁਖਾਂ ਨੇ ਆਪ ਜੀ ਨੂੰ ਗੁਰਮੁਖੀ ਲਿਪੀ ਦਾ ਨਿਰਮਾਤਾ ਮੰਨ ਲਿਆ। ਕੁਝ ਵੀ ਹੋਵੇ ਆਪ ਜੀ ਦੀ ਦੇਣ ਨੇ ਗੁਰਮੁਖੀ ਨੂੰ ਪਵਿੱਤਰ ਗੁਰਬਾਣੀ ਨੂੰ ਅੰਕਿਤ ਕਰਨ ਦਾ ਮਾਧਿਅਮ ਬਣਾਕੇ ਇਸ ਨੂੰ ਦੇਵਨਾਗਰੀ ਦੇ ਬਰਾਬਰ ਆਸਣ ‘ਤੇ ਬਿਰਾਜਮਾਨ ਕਰ ਦਿੱਤਾ ਹੈ। ਇਸ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਸ਼ਰਧਾਲੂਆਂ ਨੇ ਗੁਰਮੁਖੀ ਲਿਪੀ ਦਾ ਜਨਮਦਾਤਾ ਮੰਨ ਕੇ ਆਪਣਾ ਆਭਾਰ ਹੀ ਪ੍ਰਗਟ ਕੀਤਾ ਹੈ। ਸਮਾਪਤੀ ਦੇ ਕਿਨਾਰੇ ਪੁੱਜ ਚੁੱਕੀ ਲੋਕਪ੍ਰਿਯ ਲਿਪੀ ਦੇ ਰੂਪ ਵਿੱਚ ਮੁੜ ਸਨਮਾਨ ਸਹਿਤ ਸਥਾਪਤ ਕਰਨਾ ਇੱਕ ਅਤਿ ਮਹੱਤਵਪੂਰਨ ਕਦਮ ਹੈ ਜਿਸਦੀ ਭਰਪੂਰ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

ਸ੍ਰੀ ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿੱਚ 3 ਵੈਸਾਖ ਸੰਮਤ 1609 (ਚੇਤਰ ਸੁਦੀ 4) ਨੂੰ ਜੋਤੀ ਜੋਤਿ ਸਮਾਏ। ਈਸਵੀ ਸੰਨ ਅਨੁਸਾਰ 29 ਮਾਰਚ ਸੰਨ 1552 ਦਿਨ ਮੰਗਲਵਾਰ ਸੀ। ਕੁਲ ਉਮਰ 48 ਸਾਲ ਦੀ ਸੀ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *