ਪ੍ਰੈਸ ਸੁੰਤਤਰਤਾ ਦਿਵਸ ਦਾ ਇਤਿਹਾਸ ਤੇ ਮਹੱਤਤਾ

TeamGlobalPunjab
3 Min Read

-ਅਵਤਾਰ ਸਿੰਘ 

3 ਮਈ ਨੂੰ ਹਰ ਸਾਲ ਪ੍ਰੈਸ ਦੀ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਹੈ ਜਿਸ ਨੂੰ ਪ੍ਰੈਸ ਦਿਵਸ ਵੀ ਕਿਹਾ ਜਾਂਦਾ ਹੈ। ਪਹਿਲੀ ਵਾਰ ਯੂਰਪ ਦੇ ਸਵੀਡਨ ਤੇ ਫਿਨਲੈਂਡ ਵਿਚ ਪ੍ਰੈਸ ਦੀ ਆਜ਼ਾਦੀ ਦਾ ਕਾਨੂੰਨ ਪਾਸ ਕੀਤਾ ਗਿਆ।ਭਾਰਤ ਅੰਦਰ ਕੋਈ ਪ੍ਰੈਸ ਦੀ ਆਜ਼ਾਦੀ ਲਈ ਵੱਖਰਾ ਕਾਨੂੰਨ ਤਾਂ ਨਹੀਂ ਬਣਿਆ ਪਰ ਦੇਸ ਦੇ ਸੰਵਿਧਾਨ ਦੀ ਧਾਰਾ 19(1)ਏ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਅਧਿਕਾਰ ਕਿਸੇ ਵੇਲੇ ਵੀ ਹਕੂਮਤਾਂ ਰੱਦ ਕਰਨ ਲਈ ਕਾਨੂੰਨੀ ਹੱਕ ਦੀ ਵਰਤੋਂ ਕਰ ਸਕਦੀਆਂ ਹਨ। ਜਿਵੇਂ ਵਿਦੇਸ਼ੀ ਹਮਲੇ ਦੌਰਾਨ, ਦੇਸ਼ ਵਿੱਚ ਸ਼ਾਂਤੀ ਰੱਖਣ, ਨਫ਼ਰਤ ਫੈਲਾਉਣ, ਅਦਾਲਤ ਦੀ ਮਾਣਹਾਨੀ, ਕਿਸੇ ਦਾ ਨਿਰਾਦਰ ਕਰਨ ਜਾਂ ਕਿਸੇ ਨੂੰ ਜੁਰਮ ਉਕਸਾਉਣ ਨੂੰ ਧਿਆਨ ਵਿਚ ਰਖਦੇ ਹੋਏ ਪ੍ਰੈਸ ਦੀ ਆਜ਼ਾਦੀ ਨੂੰ ਸਰਕਾਰ ਖਤਮ ਕਰ ਸਕਦੀ ਹੈ।

1975 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਇਸ ਹੱਕ ਦੀ ਵਰਤੋਂ ਕਰਕੇ ਪ੍ਰੈਸ ‘ਤੇ ਸੈਂਸਰਸ਼ਿਪ ਲਾ ਕੇ ਆਜ਼ਾਦੀ ਖਤਮ ਕਰ ਦਿੱਤੀ ਗਈ ਸੀ। 1933 ਵਿੱਚ ਜਰਮਨੀ ਅੰਦਰ ਵੀ ਹਿਟਲਰ ਨੇ ਟਰੇਡ ਯੂਨੀਅਨਾਂ ਅਤੇ ਪ੍ਰੈਸ ‘ਤੇ ਮੁਕੰਮਲ ਪਾਬੰਦੀ ਲਾਈ ਸੀ। ਪ੍ਰੈਸ ਧਰਮ ‘ਤੇ ਟਿਪਣੀ ਕਰਨ ਲਈ ਆਜ਼ਾਦ ਨਹੀਂ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾ ਕੇ ਗਲਾ ਘੁੱਟਿਆ ਜਾ ਸਕਦਾ ਹੈ। ਕੁਝ ਸਮੇਂ ਤੋਂ ਫਿਰਕੂ ਫ਼ਾਸ਼ੀਵਾਦ ਟੋਲਿਆਂ ਵਲੋਂ ਜਾਗਦੀਆਂ ਕਲਮਾਂ ਦਾ ਗਲਾ ਘੁਟਣ ਲਈ ਧਮਕੀਆਂ ਦੇਣ ਤੋਂ ਇਲਾਵਾ ਹਮਲੇ ਕੀਤੇ ਜਾ ਰਹੇ ਹਨ।

ਕਈ ਅਗਾਂਹਵਧੂ ਲੇਖਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਵਿਚ ਪਿਛਲੇ ਕੁਝ ਸਮੇਂ ਦੌਰਾਨ ਡਾ ਨਰੇਂਦਰ ਦਾਭੋਲਕਰ, ਪ੍ਰੋਫੈਸਰ ਐਮ ਐਮ ਕੁਲਬਰਗੀ, ਪੱਤਰਕਾਰ ਗੌਰੀ ਲੰਕੇਸ਼ ਤੇ ਕਾਮਰੇਡ ਗੋਬਿੰਦ ਪਨਸਾਰੇ ਆਦਿ ਸ਼ਾਮਲ ਹਨ। ਅਸਲ ਵਿੱਚ ਪ੍ਰੈਸ ਦਾ ਕੋਈ ਹਿੱਸਾ ਜਦ ਲੋਕਾਂ ਨੂੰ ਜਦੋ ਜਹਿਦ ਪੈਣ ਦੇ ਰਾਹ ਦਾ ਪ੍ਰਚਾਰ ਕਰਦਾ ਹੈ ਤਾਂ ਸਰਕਾਰ ਬਗਾਵਤ ਕਹਿ ਕੇ ਪਾਬੰਦੀ ਲਾ ਦਿੰਦੀ ਹੈ।ਲਿਖਣ ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਿਲੇ ਸੰਵਿਧਾਨਕ ਹੱਕ ਨੂੰ ਕੁਝ ਫਿਰਕੂ ਤਾਕਤਾਂ ਖੋਹਣ ‘ਤੇ ਤੁਲੀਆਂ ਹੋਈਆਂ ਹਨ, ਉਨ੍ਹਾਂ ਦਾ ਲੋਕ ਪੱਖੀ ਸ਼ਕਤੀਆਂ ਨੂੰ ਇਕਮੁੱਠ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।

- Advertisement -

ਅਸਲ ਵਿੱਚ ਸਰਕਾਰਾਂ ਤੇ ਮੀਡੀਆ ਵਿਚਕਾਰ ਆਪਸੀ ਰਿਸ਼ਤਾ ਜਿੰਨਾ ਪੀਡਾ ਹੈ ਉਨਾਂ ਗੁੰਝਲਦਾਰ ਵੀ ਹੈ। ਮੀਡੀਆ ਨੂੰ ਸਰਕਾਰ ਦੀ ਜੇ ਇਸ਼ਤਹਾਰਾਂ ਲਈ ਲੋੜ ਹੈ ਤਾਂ ਸਰਕਾਰ ਦਾ ਵੀ ਮੀਡੀਏ ਬਗੈਰ ਗੁਜਾਰਾ ਨਹੀਂ।ਸਰਕਾਰਾਂ ਵਲੋਂ ਮੀਡੀਏ ਨੂੰ ਆਪਣੇ ਹੱਕ ਵਿਚ ਵਰਤਣ ‘ਤੇ ਦਬਾਅ ਪਾਉਣ ਲਈ ਇਸ਼ਤਿਹਾਰ ਬੰਦ ਕਰ ਦਿੱਤੇ ਜਾਂਦੇ ਹਨ। ਚੰਗੀ ਸੋਚ ਵਾਲੇ ਪੱਤਰਕਾਰ ਪੀਲੀ ਪੱਤਰਕਾਰੀ ਨਹੀਂ ਕਰਦੇ। ਪੱਤਰਕਾਰੀ ਕਰਨੀ ਸੌਖੀ ਨਹੀਂ ਰਹੀ, ਪੱਤਰਕਾਰਾਂ ‘ਤੇ ਹਮਲੇ, ਕਤਲ ਯੂ ਪੀ ‘ਚ ਹਮਲੇ ਤੇ ਅਫਗਾਨਿਸਤਾਨ ਵਿਚ ਦਸ ਪੱਤਰਕਾਰਾਂ ਦੀ ਬੰਬ ਧਮਾਕੇ ਵਿਚ ਮੌਤ। ਫਿਰ ਵੀ ਜਿੰਨੀ ਆਜ਼ਾਦੀ ਹੈ ਉਹ ਵਰਤਦਿਆਂ ਇਸ ਨੂੰ ਹੋਰ ਵਧਾਉਣ ਲਈ ਆਰਥਿਕ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਤਕ ਲੈ ਕੇ ਜਾਣਾ ਚਾਹੀਦਾ ਹੈ। ਸਮਾਜ ਵਿਚ ਕਦਰ ਉਸੇ ਪੱਤਰਕਾਰ ਦੀ ਪੈਂਦੀ ਜੋ ਨਿਰਪੱਖ ਹੋ ਕੇ ਲੋਕਾਂ ਦੀ ਗੱਲ ਕਰੇ।

ਸੰਪਰਕ : 7888973676

Share this Article
Leave a comment