ਅੱਜ ਅਸੀ ਤੁਹਾਨੂੰ ਅਜਿਹੀ ਬੀਮਾਰੀ ਵਾਰੇ ਦੱਸਣ ਜਾ ਰਹੇ ਹਾਂ ਜੋ ਇਨਸਾਨ ਦੇ ਪੇਟ ‘ਚ ਸ਼ਰਾਬ ਬਣਾ ਰਹੀ ਹੈ। ਜੀ ਹਾਂ, ਤੁਹਾਨੂੰ ਇਹ ਸੁਣਨ ਵਿੱਚ ਅਜੀਬ ਜ਼ਰੂਰ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ ਕਿ ਇਸ ਰੋਗ ਕਾਰਨ ਵਿਅਕਤੀ ਦੇ ਪੇਟ ਵਿੱਚ ਹੀ ਅਲਕੋਹਲ ਬਣ ਰਹੀ ਹੈ ਜਿਸ ਦਾ ਖੁਲਾਸਾ ਹਾਲ ਹੀ ‘ਚ ਕੀਤੀ ਗਈ ਰਿਸਰਚ ‘ਚ ਹੋਇਆ ਹੈ।
ਅਸਲ ‘ਚ ਇਸ ਰਿਸਰਚ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੇ ਸਰੀਰ ਵਿੱਚ ਇੱਕ ਫੰਗਸ ਬਣ ਰਿਹਾ ਹੈ ਜੋ ਕਿ ਕਾਰਬੋਹਾਈਡਰੇਟ ਨੂੰ ਅਲਕੋਹਲ ਯਾਨੀ ਸ਼ਰਾਬ ‘ਚ ਬਦਲ ਰਿਹਾ ਹੈ। ਇਸ ਵਜ੍ਹਾ ਕਾਰਨ ਬਿਨ੍ਹਾਂ ਸ਼ਰਾਬ ਦਾ ਸੇਵਨ ਕੀਤੇ ਹੀ ਵਿਅਕਤੀ ਦੇ ਪੇਟ ਵਿੱਚ ਅਲਕੋਹਲ ਬਣ ਰਹੀ ਹੈ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਵਿਅਕਤੀ ਦੇ ਪੇਟ ਵਿੱਚ ਬਿਨਾਂ ਸ਼ਰਾਬ ਦੇ ਸੇਵਨ ਤੋਂ ਹੀ ਅਲਕੋਹਲ ਪਾਈ ਗਈ।
ਅਮਰੀਕਾ ਵਿੱਚ ਰਹਿਣ ਵਾਲੇ 46 ਸਾਲਾ ਵਿਅਕਤੀ ਨੂੰ ਪੁਲਿਸ ਨੇ 2014 ਵਿੱਚ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਤੇ ਭਾਰੀ ਜ਼ੁਰਮਾਨਾ ਵੀ ਲਗਾਇਆ ਪਰ ਵਿਅਕਤੀ ਦਾ ਕਹਿਣਾ ਸੀ ਕਿ ਉਸ ਨੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਇਆ ਹੈ। ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਉਸ ਨੇ ਸ਼ਰਾਬ ਨਹੀਂ ਪੀਤੀ ਹੈ ਪਰ ਸਰੀਰ ਵਿੱਚ ਅਲਕੋਹਲ ਹੈ। ਇਸ ਤੋਂ ਬਾਅਦ ਉਸ ਵਿਅਕਤੀ ਦੇ ਪੇਟ ‘ਚ ਮੌਜੂਦ ਸ਼ਰਾਬ ਦੀ ਜਾਂਚ ਕੀਤੀ ਗਈ।
ਇਸ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਪੂਰੇ ਮਾਮਲੇ ‘ਤੇ ਰਿਸਰਚ ਕੀਤੀ ਗਈ ਤੇ ਜਿਹੜੀ ਗੱਲ ਨਿੱਕਲ ਕੇ ਸਾਹਮਣੇ ਆਈ ਉਸਨੇ ਡਾਕਟਰਾਂ ਨੂੰ ਵੀ ਸੋਚਾਂ ‘ਚ ਪਾ ਦਿੱਤਾ। ਸਟਡੀ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਸ ਵਿਅਕਤੀ ਨੂੰ ਆਟੋ ਬਰਿਵਰੀ ਸਿੰਡਰੋਮ ( Auto-Brewery Syndrome ) ਨਾਮ ਦਾ ਰੋਗ ਹੈ। ਇਸ ਰੋਗ ਦੀ ਵਜ੍ਹਾ ਕਾਰਨ ਬਿਨ੍ਹਾਂ ਪੀਤੇ ਹੀ ਉਸ ਦੇ ਸਰੀਰ ਵਿੱਚ ਅਲਕੋਹਲ ਬਣ ਰਹੀ ਹੈ।
ਇਸ ਰਿਸਰਚ ਨਾਲ ਜੁੜੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਬੀਮਾਰੀ ਨੂੰ ਅਨੋਖਾ ਦੱਸਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਿੰਡਰੋਮ ਪਿਛਲੇ 30 ਸਾਲ ਵਿੱਚ ਸਿਰਫ ਪੰਜ ਲੋਕਾਂ ਵਿੱਚ ਹੀ ਪਾਇਆ ਗਿਆ ਹੈ। ਇਸ ਰੋਗ ਕਾਰਨ ਵਿਅਕਤੀ ਦੇ ਸਰੀਰ ‘ਚ ਇੱਕ ਫੰਗਸ ਕਾਰਬੋਹਾਈਡਰੇਟ ਨੂੰ ਅਲਕੋਹਲ ‘ਚ ਬਦਲ ਰਿਹਾ ਸੀ ਜਿਸ ਕਾਰਨ ਉਸ ਦੇ ਸਰੀਰ ਵਿੱਚ ਅਲਕੋਹਲ ਦੀ ਮਾਤਰਾ ਵੱਧ ਗਈ ਸੀ।
ਦਰਅਸਲ ਜਿਸ ਵਿਅਕਤੀ ਦੇ ਸਰੀਰ ਵਿੱਚ ਬਿਨਾਂ ਪੀਤੇ ਹੀ ਅਲਕੋਹਲ ਪਾਈ ਗਈ ਸੀ ਉਹ ਸਾਲ 2011 ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਤੋਂ ਬਾਅਦ ਇਲਾਜ਼ ਦੌਰਾਨ ਉਸ ਨੇ ਐਂਟੀਬਾਇਓਟਿਕਸ ਲੈਣੀ ਸ਼ੁਰੂ ਕੀਤੀ ਤੇ ਫਿਰ ਆਟੋ ਬਰਿਵਰੀ ਸਿੰਡਰੋਮ ਨੇ ਉਸ ਨੂੰ ਜਕੜ ਲਿਆ। ਇਸ ਵਜ੍ਹਾ ਕਾਰਨ ਇਹ ਵਿਅਕਤੀ ਹਰ ਵਾਰ ਬਰੀਥ ਐਨਾਲਾਈਜ਼ਰ (ਸਰੀਰ ‘ਚ ਅਲਕੋਹਲ ਦੀ ਮਾਤਰਾ ਮਾਪਣ ਵਾਲਾ ਯੰਤਰ) ਵਿੱਚ ਸ਼ਰਾਬ ਦੇ ਨਸ਼ੇ ਵਿੱਚ ਵਿਖਾਈ ਦਿੰਦਾ ਹੈ।
